ਡੇਰਾ ਬਾਬਾ ਨਾਨਕ, 27 ਦਸੰਬਰ (ਹੀਰਾ ਸਿੰਘ ਮਾਂਗਟ)- ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤ ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਮੁਆਵਜ਼ਾ ਸੂਬਾ ਤੇ ਕੇਂਦਰ ਸਰਕਾਰ ਦੀ ਮਾਲਕੀ ਹੇਠਲੀ ਜ਼ਮੀਨ ਉੱਪਰ ਕਾਸ਼ਤ ਕਰ ਰਹੇ ਕਿਸਾਨਾਂ ਨੂੰ ਨਾ ਦਿੱਤੇ ਜਾਣ ਨੂੰ ਲੈਣ ਕੇ ਇਸ ਮੁਆਵਜ਼ੇ ਦੀ ਪ੍ਰਾਪਤੀ ਲਈ ਸੰਘਰਸ਼ ਦੀ ਵਿਉਂਤਬੰਦੀ ਕਰਨ ਲਈ ਅੱਜ ਇਨ੍ਹਾਂ ਹੜ੍ਹ ਪੀੜਤ ਕਿਸਾਨਾਂ ਨੇ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਧਰਮਕੋਟ ਰੰਧਾਵਾ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਭਰਵੀਂ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਲੰਬੇ ਵਿਚਾਰ- ਵਟਾਂਦਰੇ ਤੋਂ ਬਾਅਦ ਪੰਜਾਬ ਤੇ ਕੇਂਦਰ ਸਰਕਾਰ ਦੀ ਜ਼ਮੀਨ ਉੱਪਰ ਖੇਤੀ ਕਰ ਰਹੇ ਕਿਸਾਨਾਂ ਨੂੰ ਵੀ ਹੜ੍ਹ ਪੀੜਤ ਕਿਸਾਨਾਂ ਨੂੰ ਦਿੱਤੇ ਤੇ ਦਿੱਤੇ ਜਾ ਰਹੇ ਮੁਆਵਜ਼ੇ ਦਾ ਹੱਕਦਾਰ ਮੰਨ ਕੇ ਇਸ ਮੁਆਵਜ਼ੇ ਦੀ ਅਦਾਇਗੀ ਕਰਨ ਦੀ ਮੰਗ ਨੂੰ ਲੈ ਕੇ ਐੱਸ.ਡੀ.ਐੱਮ. ਦਫ਼ਤਰ ਡੇਰਾ ਬਾਬਾ ਨਾਨਕ ਦੇ ਸਾਹਮਣੇ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ | ਇਹ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ 30 ਦਸੰਬਰ ਨੂੰ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਡੀ.ਸੀ. ਗੁਰਦਾਸਪੁਰ ਨੂੰ ਮਿਲ ਕੇ ਇਕ ਵਾਰ ਫਿਰ ਤੋਂ ਸਾਰੀਆਂ ਮਹਿਕਮਾਨਾਂ ਰੁਕਾਵਟਾਂ ਨੂੰ ਦੂਰ ਕਰ ਕੇ ਦੋਵਾਂ ਸਰਕਾਰਾਂ ਦੀ ਜ਼ਮੀਨ ਵਾਹ ਰਹੇ ਕਿਸਾਨਾਂ ਨੂੰ ਇਹ ਮੁਆਵਜ਼ਾ ਅਦਾ ਕਰਨ ਦੀ ਮੰਗ ਕੀਤੀ ਜਾਵੇਗੀ | ਮੀਟਿੰਗ ਵਿਚ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਅਵਤਾਰ ਸਿੰਘ ਰੰਧਾਵਾ, ਜੋਗਿੰਦਰ ਸਿੰਘ ਖੰਨਾ ਚਮਾਰਾ, ਸਰਬਜੀਤ ਸਿੰਘ ਤਲਵੰਡੀ ਹਿੰਦੂਆਂ, ਹਰਜੀਤ ਸਿੰਘ ਠੇਠਰਕੇ, ਨਰਿੰਦਰ ਸਿੰਘ ਸਰਪੰਚ, ਜਰਨੈਲ ਸਿੰਘ ਖੋਦੇ ਬੇਟ, ਗੁਰਮੀਤ ਸਿੰਘ ਮੇਘਾ, ਝਿਰਮਲ ਸਿੰਘ ਝੰਗੀ, ਹਰਜੀਤ ਸਿੰਘ ਖੋਦੇਬੇਟ, ਮੋਹਣ ਸਿੰਘ, ਕਮਲਬੀਰ ਸਿੰਘ, ਬਲਰਾਜ ਸਿੰਘ ਧਰਮਕੋਟ ਰੰਧਾਵਾ ਅਤੇ ਡਾ. ਸਰਵਨ ਸਿੰਘ ਧਰਮਕੋਟ ਪੱਤਣ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਕਈ ਦਰਜਨ ਕਿਸਾਨ ਸ਼ਾਮਿਲ ਹੋਏ |