ਗੁਰਦਾਸਪੁਰ, 28 ਦਸੰਬਰ (ਪੰਕਜ ਸ਼ਰਮਾ)-ਨਰ ਸੇਵਾ ਨਰਾਇਣ ਸੇਵਾ ਸੰਸਥਾ ਦੇ ਪ੍ਰਧਾਨ ਬਾਲ ਕਿਸ਼ਨ ਕਾਲੀਆ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਨੂੰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਕਰਨ ਲਈ ਇਲਾਕੇ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਇਲਾਕੇ ਵਿਚ ਨਸ਼ੇ ਦਾ ਕਾਲਾ ਕਾਰੋਬਾਰ ਕਰਨ ਵਾਲੇ ਲੋਕਾਂ 'ਤੇ ਨਜ਼ਰ ਰੱਖੀ ਜਾ ਸਕੇ | ਉਨ੍ਹਾਂ ਇਹ ਵੀ ਦੱਸਿਆ ਕਿ ਹਰ ਨੁੱਕਰ ਹਰ ਚੁਰਾਹੇ ਵਿਚ ਕੈਮਰੇ ਲਗਾਉਣ ਲਈ ਅਜਿਹੇ ਘਰਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ, ਜੋ ਕੈਮਰੇ ਦਾ ਖਰਚਾ ਝੱਲ ਸਕਦੇ ਹਨ ਤੇ ਇਸ ਦੇ ਨਾਲ ਹੀ ਪੂਰਾ ਇਲਾਕਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਤਬਦੀਲ ਹੋ ਜਾਵੇਗਾ, ਤਾਂ ਜੋ ਕੱਲ੍ਹ ਨੂੰ ਪੁਲਿਸ ਦੀ ਤਫ਼ਤੀਸ਼ ਵਿਚ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਨਾ ਆਵੇ ਤੇ ਨਾਲ ਹੀ ਅਜਿਹੇ ਲੋਕਾਂ ਦੀ ਪਹਿਚਾਣ ਵੀ ਹੋ ਜਾਵੇਗੀ ਜਿਹੜੇ ਲੋਕ ਗਲੀ ਮੁਹੱਲਿਆਂ ਦੇ ਨੁੱਕਰ ਵਿਚ ਖਲੋ ਕੇ ਨਸ਼ੇ ਦੀਆਂ ਪੁੜੀਆਂ ਇਕ ਦੂਜੇ ਨੂੰ ਦਿੰਦੇ ਹਨ, 2026 ਨਵੇਂ ਸਾਲ ਦੇ ਆਗਮਨ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਖ਼ਾਸ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿਸ ਵਿਚ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਲਿਆ ਜਾਵੇਗਾ | ਦੱਸਣਯੋਗ ਹੈ ਕਿ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਨੂੰ ਪੁਲਿਸ ਵਿਭਾਗ ਨੇ ਵੀ ਆਪਣੇ ਹਿੱਟ ਲਿਸਟ 'ਤੇ ਰੱਖਿਆ ਹੋਇਆ ਹੈ ਜਿੱਥੇ ਬਹੁਤ ਸਾਰੇ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸ ਚੁੱਕੇ ਹਨ | ਅਜਿਹੇ ਪਰਿਵਾਰਾਂ ਦੀ ਮਦਦ ਵੀ ਕੀਤੀ ਜਾਵੇਗੀ ਤੇ ਅਜਿਹੇ ਨੌਜਵਾਨਾਂ ਦਾ ਜੀਵਨ ਪੱਧਰ ਮੁੜ ਸਹੀ ਲੀਹੇ ਲਿਆਉਣ ਲਈ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾਣਗੇ | ਮੀਟਿੰਗ 'ਚ ਸੰਸਥਾ ਦੇ ਹੋਰ ਵੀ ਮੈਂਬਰ ਹਾਜ਼ਰ ਹੋਏ | ਇਸ ਮੌਕੇ ਵਿਸ਼ਾਲ ਸ਼ਰਮਾ, ਗੋਪਾਲ ਸ਼ਰਮਾ, ਰਜਤ ਕਾਲੀਆ, ਕਨਿਸ਼ਕ ਕੁਮਾਰ, ਬਲਵਿੰਦਰ ਸਿੰਘ, ਸ਼ਾਮ ਲਾਲ ਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ |