ਗੁਰਦਾਸਪੁਰ, 28 ਦਸੰਬਰ (ਅਸ਼ੋਕ ਸ਼ਰਮਾ)-ਪੰਜਾਬ ਸਰਕਾਰ ਦਾ ਸ਼ਹਿਰ ਨੰੂ ਸਾਫ਼ ਸੁਥਰਾ ਤੇ ਗੰਦਗੀ ਹਟਾਉਣ ਦਾ ਮਿਸ਼ਨ ਬਹੁਤ ਤਰ੍ਹਾਂ ਫੇਲ੍ਹ ਹੋਇਆ ਹੈ | ਗੁਰਦਾਸਪੁਰ ਸ਼ਹਿਰ ਅੰਦਰ ਹਰ ਮੁਹੱਲੇ ਤੇ ਸੜਕਾਂ 'ਤੇ ਪਈ ਗੰਦਗੀ ਦੇ ਢੇਰ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਰਹੇ ਹਨ ਜਿਸ ਨਾਲ ਸ਼ਹਿਰਾਂ ਤੇ ਪਿੰਡਾਂ ਅੰਦਰ ਭਿਆਨਕ ਬਿਮਾਰੀਆਂ ਫੈਲਣ ਨਾਲ ਲੋਕ ਵੱਡੇ ਪੱਧਰ 'ਤੇ ਬਿਮਾਰ ਹੋ ਰਹੇ ਹਨ | ਇਸ ਪਾਸੇ ਸਬੰਧਿਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧਿਆਨ ਨਾ ਹੋਣ ਕਾਰਨ ਲੋਕਾਂ ਦਾ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਸ਼ਹਿਰ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਸ਼ਹਿਰ ਅੰਦਰ ਕੂੜਾ ਡੰਪ ਦਾ ਕੋਈ ਵੀ ਹੱਲ ਨਹੀਂ ਹੋਇਆ ਹੈ ਤੇ ਹੁਣ ਥਾਂ-ਥਾਂ ਕੂੜਾ ਹੋਣ ਕਰਕੇ ਲੋਕ ਕਾਫ਼ੀ ਦੁਖੀ ਹੋਏ ਪਏ ਹਨ | ਸ਼ਹਿਰ ਵਾਸੀ ਗੰਦਗੀ ਤੋਂ ਅੱਤ ਦੇ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰੋਂ ਗੰਦਗੀ ਨੰੂ ਚੁੱਕਣ ਵਾਸਤੇ ਨਗਰ ਕੌਂਸਲ ਦੇ ਪ੍ਰਧਾਨ ਤੋਂ ਇਲਾਵਾ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਅਨੇਕਾਂ ਵਾਰ ਮੰਗ ਪੱਤਰ ਦਿੱਤੇ ਜਾਣ ਤੋਂ ਬਾਅਦ ਵੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈ ਜਿਸ ਕਰਕੇ ਪੇਂਡੂ ਅਤੇ ਸ਼ਹਿਰ ਵਾਸੀ ਕਾਫ਼ੀ ਚਿੰਤਤ ਹੋਏ ਪਏ ਹਨ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਗੰਦਗੀ ਨਾਲ ਮੱਛਰ, ਮੱਖੀ ਦੀ ਸਰਦੀਆਂ ਵਿਚ ਕਾਫ਼ੀ ਭਰਮਾਰ ਹੈ ਅਤੇ ਲੋਕ ਡੇਂਗੂ ਤੇ ਹੋਰ ਬਿਮਾਰੀਆਂ ਦੀ ਗਿ੍ਫ਼ਤ ਵਿਚ ਦਿਨੋਂ-ਦਿਨ ਫਸ ਰਹੇ ਹਨ | ਇਸ ਪਾਸੇ ਸਿਹਤ ਵਿਭਾਗ ਬਿਲਕੁਲ ਗੰਭੀਰ ਨਹੀਂ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰਾਂ ਅੰਦਰ ਭੈੜੀ ਬਦਬੂ ਨਾਲ ਲੋਕਾਂ ਦਾ ਸੜਕਾਂ ਤੋਂ ਲੰਘਣਾ ਮੁਹਾਲ ਹੋਇਆ ਪਿਆ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਨੰੂ ਸਾਫ਼ ਸੁਥਰਾ ਰੱਖਣ ਵਾਸਤੇ ਨਗਰ ਕੌਂਸਲ ਗੁਰਦਾਸਪੁਰ ਨੰੂ ਹਦਾਇਤਾਂ ਕਰਕੇ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਜਿਸ ਨਾਲ ਸ਼ਹਿਰ ਵਾਸੀ ਭਿਆਨਕ ਬਿਮਾਰੀਆਂ ਤੋਂ ਬਚ ਸਕਣ |