ਬਟਾਲਾ, 30 ਦਸੰਬਰ (ਸਤਿੰਦਰ ਸਿੰਘ)-ਬਟਾਲਾ ਪੁਲਿਸ ਵਲੋਂ ਗੈਂਗਸਟਰ ਮਨੂੰ ਅਗਵਾਨ ਗੈਂਗ ਦੇ 50 ਲੱਖ ਦੀ ਫਿਰੌਤੀ ਮੰਗਣ ਵਾਲੇ 2 ਮੈਂਬਰਾਂ ਨੂੰ ਪਿਸਤੌਲ ਸਮੇਤ ਗਿ੍ਫਤਾਰ ਕੀਤਾ ਹੈ | ਐਸ.ਐਸ.ਪੀ. ਬਟਾਲਾ ਡਾ. ਮਹਿਤਾਬ ਸਿੰਘ ਨੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 21 ਦਸੰਬਰ 2025 ਨੂੰ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਆਉਂਦੇ ਇਲਾਕੇ ਵਿਚ 50 ਲੱਖ ਦੀ ਫਿਰੌਤੀ ਨਾ ਦੇਣ ਕਰ ਕੇ 2 ਨੌਜਵਾਨਾਂ ਵਲੋਂ ਇਕ ਘਰ ਦੇ ਗੇਟ ਦੇ ਬਾਹਰ 8 ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ | ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋਸ਼ੀਆਂ ਨੂੰ ਜਲਦੀ ਲੱਭ ਕੇ ਗਿ੍ਫਤਾਰ ਕਰਨ ਲਈ ਐਸ.ਪੀ. ਇਨਵੈਸ਼ਟੀਗੇਸ਼ਨ ਸ੍ਰੀ ਸੰਦੀਪ ਵਢੇਰਾ ਦੀ ਅਗਵਾਈ ਵਿਚ ਡੀ.ਐੱਸ.ਪੀ. ਸ਼੍ਰੀ ਹਰਗੋਬਿੰਦਪੁਰ ਸ਼੍ਰੀ ਹਰੀਸ਼ ਬਹਿਲ, ਮੁੱਖ ਅਫ਼ਸਰ ਥਾਣਾ ਸ਼੍ਰੀ ਹਰਗੋਬਿੰਦਪੁਰ ਅਤੇ ਸੀ.ਆਈ.ਏ. ਸਟਾਫ਼ ਬਟਾਲਾ ਦੇ ਇੰਚਾਰਜ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ | ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਪੁਲਿਸ ਟੀਮਾਂ ਵਲੋਂ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 2 ਨੌਜਵਾਨਾਂ ਨੂੰ ਗਿ੍ਫਤਾਰ ਕਰ ਕੇ ਵਾਰਦਾਤ ਵਿਚ ਵਰਤੇ ਗਏ 30 ਬੋਰ ਦੇ ਪਿਸਤੌਲ ਸਮੇਤ 6 ਜਿੰਦਾ ਕਾਰਤੂਸ ਅਤੇ ਹੀਰੋ ਡੀਲਕਸ ਮੋਟਰਸਾਈਕਲ ਨੂੰ ਵੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਐਸ.ਐਸ.ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਗਿ੍ਫਤਾਰ ਕੀਤੇ ਨੌਜਵਾਨਾਂ ਦੀ ਪਹਿਚਾਣ ਹਰਵਿੰਦਰ ਸਿੰਘ ਉਰਫ਼ ਕਰਨ (ਮੋਟਰਸਾਈਕਲ ਚਾਲਕ) ਪੁੱਤਰ ਸੁਖਦੇਵ ਸਿੰਘ ਅਤੇ ਅੰਮਿ੍ਤਪਾਲ ਸਿੰਘ (ਸ਼ੂਟਰ) ਪੁੱਤਰ ਪ੍ਰਤਾਪ ਸਿੰਘ ਦੋਵੇਂ ਵਾਸੀ ਪਿੰਡ ਚੱਕ ਮਿਸ਼ਰੀ ਖਾਨ ਥਾਣਾ ਲੋਪੋਕੇ ਅੰਮਿ੍ਤਸਰ ਦਿਹਾਤੀ ਵਜੋਂ ਹੋਈ ਹੈ |