ਜਲਾਲਾਬਾਦ, 1 ਜੂਨ (ਹਰਪ੍ਰੀਤ ਸਿੰਘ ਪਰੂਥੀ)-ਕਾਂਗਰਸ ਪਾਰਟੀ ਵਲੋਂ ਸਥਾਨਕ ਡਰੀਮ ਵਿਲਾ ਪੈਲੇਸ ਵਿਖੇ ਸੰਵਿਧਾਨ ਬਚਾਓ ਰੈਲੀ ਦਾ ਆਯੋਜਨ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ (ਸਾਬਕਾ ਵਿਧਾਇਕ) ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਜਿਸ ਵਿੱਚ ਇਲਾਕੇ ਦੇ ਕਾਂਗਰਸੀ ਲੀਡਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਬੋਲਦੇ ਹੋਏ ਸਾਂਸਦ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੰਮਾ ਸਮਾਂ ਦੇਸ਼ 'ਤੇ ਰਾਜ ਕੀਤਾ ਹੈ ਅਤੇ ਹਮੇਸ਼ਾ ਕਾਂਗਰਸ ਦੇ ਸਮੇਂ ਹੀ ਦੇਸ਼ ਦੀ ਤਰੱਕੀ ਹੋਈ ਹੈ ਅਤੇ ਹਰੇਕ ਵਰਗ ਦੇ ਲੋਕਾਂ ਦੇ ਮਸਲੇ ਹੱਲ ਹੋਏ ਹਨ | ਉਨ੍ਹਾਂ ਕਿਹਾ ਕਿ ਭਾਜਪਾ ਨੇ ਆਪਣੇ ਦਫ਼ਤਰਾਂ ਵਿੱਚ ਆਪਣੀ ਪਾਰਟੀ ਦਾ ਹੀ ਝੰਡਾ ਲਗਾਇਆ ਹੈ, ਇਸ ਲਈ ਉਹ ਜੇਕਰ ਤਿਰੰਗੇ ਦਾ ਬਣਦਾ ਸਨਮਾਨ ਨਹੀਂ ਕਰ ਸਕਦੇ ਤਾਂ ਉਹ ਦੇਸ਼ ਦੇ ਲੋਕਾਂ ਦਾ ਕੀ ਸਨਮਾਨ ਕਰਨਗੇ | ਭਾਜਪਾ ਦੇਸ਼ ਵਾਸੀਆਂ ਨੂੰ ਗ਼ੁਲਾਮੀ ਵੱਲ ਲੈ ਕੇ ਜਾਣਾ ਚਾਹੁੰਦੀ ਹੈ | ਇਸੇ ਲਈ ਦੇਸ਼ ਵਾਸੀਆਂ ਤੋਂ ਉਨ੍ਹਾਂ ਦੇ ਸੰਵਿਧਾਨਿਕ ਹੱਕ ਖੋਹਣ ਤੇ ਲੱਗੀ ਹੋਈ ਹੈ ਤਾਂ ਜੋ ਲੋਕ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਸਵਾਲ ਵੀ ਨਾ ਕਰ ਸਕਣ | ਇਸ ਮੌਕੇ ਬੋਲਦੇ ਹੋਏ ਸਾਬਕਾ ਮੰਤਰੀ ਹੰਸ ਰਾਜ ਜੋਸਨ ਨੇ ਕਿਹਾ ਕਿ ਅੱਜ ਹਿੰਦੁਸਤਾਨ ਦੇ ਸੰਵਿਧਾਨ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਦੇ ਹਿਤ ਦੀ ਰਾਖੀ ਸਿਰਫ਼ ਰਾਹੁਲ ਗਾਂਧੀ ਕਰ ਸਕਦੇ ਹਨ ਕਿਉਂਕਿ ਉਹ ਆਮ ਲੋਕਾਂ ਵਿੱਚ ਆਮ ਬਣ ਕੇ ਹੀ ਵਿਚਰਦੇ | ਇਸ ਮੌਕੇ ਸਾਬਕਾ ਸਾਂਸਦ ਮੋਹਨ ਸਿੰਘ ਫਲੀਆਂ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਕਿਸੇ ਅਨਪੜ੍ਹ ਵੱਲੋਂ ਨਹੀਂ ਲਿਖਿਆ ਗਿਆ ਬਲਕਿ ਇਹ ਸੰਵਿਧਾਨ ਇੱਕ ਮਹਾਨ ਵਿਅਕਤੀ ਡਾ. ਭੀਮ ਰਾਓ ਅੰਬੇਦਕਰ ਵੱਲੋਂ ਲਿਖਿਆ ਗਿਆ ਹੈ, ਜਿਨ੍ਹਾਂ ਨੇ ਇਸ ਨੂੰ ਲਿਖਣ ਵਿੱਚ ਦੋ ਸਾਲ 11 ਮਹੀਨੇ ਦਾ ਸਮਾਂ ਲਗਾਇਆ ਸੀ ਪਰ ਅੱਜ ਭਾਜਪਾ ਲੀਡਰ ਦੇਸ਼ ਵਾਸੀਆਂ ਤੋਂ ਉਹਨਾਂ ਦਾ ਸੰਵਿਧਾਨ ਖੋਹਣਾ ਚਾਹੁੰਦੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਜਲਾਲਾਬਾਦ ਸ਼ਹਿਰੀ ਪ੍ਰਧਾਨ ਬੰਟੀ ਵਾਟਸ, ਡਾ. ਸ਼ਿਵ ਛਾਬੜਾ, ਅੰਮਿ੍ਤਪਾਲ ਸਿੰਘ ਨੀਲਾ ਮਦਾਨ, ਦਰਸ਼ਨ ਸਿੰਘ ਭਾਵੜਾ ਸਰਪੰਚ, ਚੰਦਰ ਸਰਪੰਚ, ਡਾ. ਬੀ ਡੀ ਕਾਲੜਾ, ਸਿਕੰਦਰ ਲਾਲ ਬਤਰਾ, ਲਖਬੀਰ ਸਿੰਘ ਅਰਨੀਵਾਲਾ, ਪ੍ਰੇਮ ਕੰਬੋਜ, ਹਰਕੰਵਲ ਚੇਅਰਮੈਨ, ਸੁਰਜੀਤ ਸਿੰਘ ਕੌਂਸਲਰ ਅਰਨੀਵਾਲਾ, ਸੋਨੰੂ ਦਰਗਨ, ਮਿੰਟੂ ਕਮਰਾ, ਨੀਲਾ ਮਦਾਨ, ਕੰਵਲਪ੍ਰੀਤ ਕਮੀਰੀਆ, ਜੱਸਾ ਧਮੀਜਾ, ਗੁਰਮੀਤ ਚੁੱਘ, ਕਾਲੂ ਕੁੱਕੜ,ਧਰਮ ਸਿੰਘ ਸਿੱਧੂ, ਅਸੀਸ ਦੂਮੜਾ, ਐਡਵੋਕੇਟ ਰਜੀਵ ਪਸਰੀਚਾ, ਹਰਪਾਲ ਸਿੰਘ ਭੁੱਲਰ, ਕੇਵਲ ਕਿ੍ਸ਼ਨ ਮੁਟਨੇਜਾ, ਸਾਬਕਾ ਵਿਧਾਇਕ ਮਹਿਤਾਬ ਸਿੰਘ, ਡਾ. ਸਤਨਾਮ ਸਿੰਘ, ਅਸੀਸ ਡੂਮੜਾ, ਜੋਨੀ ਦਗਨ, ਲਾਡੀ ਦਰਗਨ, ਰੇਖਾ ਰਾਣੀ, ਬੱਬੂ ਦਰਗਨ ਆਦਿ ਕਾਂਗਰਸੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ | ਅੱਜ ਦੀ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ ਅਤੇ ਜੁਆਇੰਟ ਸਕੱਤਰ ਕਾਮਰੇਡ ਸੁਰਿੰਦਰ ਸਿੰਘ ਢੰਡੀਆਂ ਵੀ ਆਪਣੇ ਵਰਕਰਾਂ ਸਮੇਤ ਹਮਾਇਤ ਵਿੱਚ ਸ਼ਾਮਲ ਹੋਏ | ਇਸ ਮੌਕੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵੱਲੋਂ ਆਏ ਹੋਏ ਸਮੂਹ ਲੀਡਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ |