ਮੱਖੂ, 1 ਜੂਨ (ਕੁਲਵਿੰਦਰ ਸਿੰਘ ਸੰਧੂ)-ਭਾਰਤ ਨੂੰ ਆਜ਼ਾਦ ਕਰਵਾਉਣ ਵਾਲੀ ਸਿੱਖ ਕੌਮ ਜਿਸ ਨੇ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਭਾਰਤ ਦੀ ਆਜ਼ਾਦੀ 'ਚ ਅਹਿਮ ਰੋਲ ਅਦਾ ਕੀਤਾ ਸੀ ਪਰ 1984 ਵਿਚ ਸਾਡੇ ਸਾਰੇ ਅਹਿਸਾਨ ਭੁੱਲਾ ਕੇ ਭਾਰਤ ਸਰਕਾਰ ਨੇ ਹੀ ਸਾਡੇ ਸਾਡੇ ਪਵਿੱਤਰ ਸ੍ਰੀ ਅਕਾਲ ਤਖ਼ਤ ਨੂੰ ਢਾਉਣ ਲਈ ਆਪਣੀ ਫ਼ੌਜ ਨੂੰ ਭੇਜ ਕੇ ਸਾਡੇ ਨਿਹੱਥੇ ਸਿੰਘ ਸਿੰਘਣੀਆਂ ਤੇ ਬੱਚਿਆਂ ਦਾ ਕਤਲ ਕਰ ਦਿੱਤਾ | ਜਿਸ ਦਾ ਇਨਸਾਫ਼ ਸਾਨੂੰ ਅੱਜ ਤੱਕ ਨਹੀਂ ਮਿਲਿਆ ਸਗੋਂ ਸਾਨੂੰ ਵਾਰ ਵਾਰ ਇਹ ਕਿਹਾ ਜਾਂਦਾ ਹੈ ਕਿ ਤੁਸੀਂ 84 ਵਾਲੇ ਹਮਲੇ ਨੂੰ ਭੁੱਲ ਜਾਓ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸਰਪੰਚ ਜੋਗਿੰਦਰ ਸਿੰਘ ਮੱਲੇਵਾਲਾ ਜਰਨਲ ਸਕੱਤਰ ਜ਼ਿਲ੍ਹਾ ਫ਼ਿਰੋਜ਼ਪੁਰ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਅਸੀਂ ਕਦੇ ਵੀ 84 ਵਾਲੇ ਹਮਲੇ ਨੂੰ ਭੁੱਲ ਨਹੀਂ ਸਕਦੇ | ਜੋ ਜ਼ਖ਼ਮ ਸਾਨੂੰ ਉਸ ਸਮੇਂ ਦੀ ਸਰਕਾਰ ਨੇ ਦਿੱਤਾ ਹੈ ਉਹ ਸਾਡੇ ਮਨਾਂ 'ਤੇ ਹਮੇਸ਼ਾ ਛਪਿਆ ਰਹੇਗਾ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਆਪਣੇ ਦੇਸ਼ ਦੇ ਪਵਿੱਤਰ ਗੁਰਦੁਆਰਾ ਸਾਹਿਬ 'ਤੇ ਹਕੂਮਤ ਨੇ ਫ਼ੌਜ ਨਾਲ ਹਮਲਾ ਕੀਤਾ | ਸਾਡੇ ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਨੂੰ ਇਸ ਸ੍ਰੀ ਅਕਾਲ ਤਖ਼ਤ ਸਿਰਜਣਾ ਕਰਕੇ ਇਹ ਦੱਸਿਆ ਸੀ ਕਿ ਸਿੱਖ ਭਗਤੀ ਦੇ ਨਾਲ ਰਾਜ ਵੀ ਕਰਨਾ ਚਾਹੁੰਦਾ ਹੈ | ਸਾਡੇ ਜਰਨੈਲ ਸਰਦਾਰ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤਾਂ ਅਸੀਂ ਦੂਸਰੇ ਧਰਮਾਂ ਨੂੰ ਪੂਰਾ ਸਤਿਕਾਰ ਦਿੱਤਾ ਤੇ ਉਨ੍ਹਾਂ ਦੇ ਕਿਸੇ ਵੀ ਧਰਮ ਅਸਥਾਨ ਦੀ ਬੇਅਦਬੀ ਤੱਕ ਨਹੀਂ ਹੋਣ ਦਿੱਤੀ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲ ਜਾਂਦਾ ਤਾਂ ਸਾਡੇ ਜ਼ਖ਼ਮ ਇਸ ਤਰ੍ਹਾਂ ਹੀ ਹਰੇ ਹੁੰਦੇ ਰਹਿਣਗੇ | ਉਨ੍ਹਾਂ ਨੇ ਸਮੂਹ ਸੰਗਤ ਨੂੰ 6 ਜੂਨ ਘੱਲੂਘਾਰੇ ਵਾਲੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਤਮਸਤਕ ਹੋ ਕੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਹੋਰ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਲਈ ਅਪੀਲ ਵੀ ਕੀਤੀ |