ਜਲਾਲਾਬਾਦ, 2 ਸਤੰਬਰ (ਹਰਪ੍ਰੀਤ ਸਿੰਘ ਪਰੂਥੀ)-ਜ਼ਿਲ੍ਹਾ ਫ਼ਾਜ਼ਿਲਕਾ ਪ੍ਰਸ਼ਾਸਨ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਮੰਡੀ ਲਾਧੂਕਾ ਦੀ ਦਾਣਾ ਮੰਡੀ, ਕਮਿਊਨਿਟੀ ਹਾਲ ਲਾਧੂਕਾ, ਸਰਕਾਰੀ ਪ੍ਰਾਇਮਰੀ ਸਕੂਲ ਚੱਕ ਖੀਵਾ ਅਤੇ ਬਹਿਕ ਹਸਤਾ ਉਤਾੜ ਦੇ ਸਰਕਾਰੀ ਸਕੂਲ ਵਿਚ ਰਿਲੀਫ ਕੈਂਪ ਬਣਾਏ ਗਏ ਹਨ | ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੇ ਰਹਿਣ ਲਈ ਬਣਾਏ ਗਏ ਰਾਹਤ ਕੈਂਪਾਂ ਵਿਚ ਪੀਣ ਵਾਲਾ ਪਾਣੀ ਨਿਰਵਿਘਨ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫ਼ਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਚਮਕ ਸਿੰਗਲਾ ਅਤੇ ਉਪ ਮੰਡਲ ਜਲਾਲਾਬਾਦ ਦੇ ਐੱਸ.ਡੀ.ਓ. ਪ੍ਰਕਾਸ਼ ਲੋਕੇਸ਼ਵਰ ਵੱਲੋਂ ਫ਼ੀਲਡ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਹੈ, ਜਿਸ ਤਹਿਤ ਇਨ੍ਹਾਂ ਰਿਲੀਫ ਕੈਂਪਾਂ ਵਿਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਿਤ ਕੰਮਾਂ ਨੂੰ ਕਰਵਾਉਣ ਲਈ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਪੂਰੀ ਲਗਨ ਨਾਲ ਡਿਊਟੀ ਨਿਭਾਅ ਰਹੇ ਹਨ ਉੱਥੇ ਇਸ ਦੇ ਨਾਲ ਹੀ ਅੱਜ ਹੜ੍ਹ ਪ੍ਰਭਾਵਿਤ ਰਾਹਤ ਕੈਂਪ ਚੱਕ ਖੀਵਾ ਵਿਖੇ ਆਏ ਹੋਏ ਪਿੰਡ ਵਾਸੀਆਂ ਨੂੰ ਡਰ ਦੇ ਮਾਹੌਲ 'ਚੋਂ ਨਿਕਲ ਕੇ ਤਾਜ਼ਾ ਮਾਹੌਲ ਦਾ ਸਾਹਮਣਾ ਕਰਨ ਲਈ ਮੋਟੀਵੇਟ ਕੀਤਾ ਅਤੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਪੇਟ, ਚਮੜੀ ਅਤੇ ਅੱਖਾਂ ਆਦਿ ਰੋਗਾਂ ਬਾਰੇ ਜਾਗਰੂਕ ਕੀਤਾ | ਇਸ ਦੇ ਨਾਲ ਹੀ ਇਸ ਕੈਂਪ 'ਚ ਆਏ ਲੋਕਾਂ ਦੇ ਲਈ ਸਾਫ਼ ਪੀਣ ਯੋਗ ਪਾਣੀ ਦੇ ਸੰਬੰਧੀ ਫੀਡ-ਬੈਕ ਵੀ ਲਈ ਗਈ | ਇਸ ਮੌਕੇ ਜੇ.ਈ. ਗੁਰਜੀਤ ਸਿੰਘ, ਨੋਡਲ ਅਫ਼ਸਰ ਵਿਕਰਮ ਕਟਾਰੀਆ ਆਊਟ ਸੋਰਸ ਜੇ ਈ, ਰਜਿੰਦਰ ਸਿੰਘ, ਬੀ.ਆਰ.ਸੀ. ਅਮਨਦੀਪ ਕੰਬੋਜ, ਸ਼੍ਰੀਮਤੀ ਪਰਮਿੰਦਰ ਕੌਰ, ਹਰਵੇਲ ਸਿੰਘ, ਕਰਤਾਰ ਸਿੰਘ, ਬਲਵਿੰਦਰ ਸਿੰਘ ਨੂਰ ਸਮੰਦ, ਰਮੇਸ਼ ਸਿੰਘ, ਗੁਰਪ੍ਰੀਤ ਸਿੰਘ, ਕੁੰਦਨ ਸਿੰਘ, ਹਰਨੇਕ ਸਿੰਘ, ਸੂਰਜ ਹਾਂਡਾ ਵੀ ਮੌਜੂਦ ਸਨ |