ਫ਼ਾਜ਼ਿਲਕਾ, 3 ਸਤੰਬਰ (ਅਮਰਜੀਤ ਸ਼ਰਮਾ)- ਕਾਂਗਰਸ ਹਾਈਕਮਾਨ ਵਲੋਂ ਨਿਯੁਕਤ ਕੀਤੇ ਗਏ ਨਵ-ਨਿਯੁਕਤ ਸਹਿ ਇੰਚਾਰਜ ਰਵਿੰਦਰ ਡਾਲਵੀ ਸੂਬੇ ਅੰਦਰ ਜ਼ਿਲ੍ਹਾ ਤੇ ਬਲਾਕ ਪੱਧਰ 'ਤੇ ਮੀਟਿੰਗਾਂ ਕਰ ਰਹੇ ਹਨ ਤਾਂ ਕਿ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕੀਤਾ ਜਾ ਸਕੇ | ਇਸ ਸੰਬੰਧੀ ਰਵਿੰਦਰ ਡਾਲਵੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੀ.ਏ.ਡੀ.ਬੀ. ਦੇ ਉਪ ਚੇਅਰਮੈਨ ਤੇ ਜ਼ਿਲ੍ਹਾ ਉਪ ਪ੍ਰਧਾਨ ਕੰਵਲ ਕਾਲੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਕਾਲੀ, ਭਾਜਪਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਸੂਬੇ ਦੇ ਹਾਲਾਤ ਦਿਨ ਬ ਦਿਨ ਮਾੜੇ ਹੁੰਦੇ ਰਹੇ | ਫਿਰ ਵੀ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਸੂਬੇ ਅੰਦਰ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕੀਤਾ | ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਵਕਤ ਕਾਂਗਰਸ ਪਾਰਟੀ ਨੂੰ ਜ਼ਮੀਨ ਨਾਲ ਜੁੜੇ ਹੋਏ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਅਹਿਮੀਅਤ ਦੇ ਕੇ ਉਨ੍ਹਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਕਾਂਗਰਸ ਹਾਈਕਮਾਨ ਨੂੰ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆਗੂ ਨੂੰ ਹੀ ਟਿਕਟ ਦੇਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ ਆਮ ਜਨਤਾ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ, ਬਲਤੇਜ ਸਿੰਘ ਬਰਾੜ ਸੀਨੀਅਰ ਕਾਂਗਰਸ ਆਗੂ, ਹਰਕਮਲ ਸਿੰਘ ਸਾਬਕਾ ਚੇਅਰਮੈਨ, ਬਲਾਕ ਪ੍ਰਧਾਨ ਛਿੰਦਰ ਸਿੰਘ ਮਹਾਲਮ, ਬਲਾਕ ਪ੍ਰਧਾਨ ਮਨਜਿੰਦਰ ਛੀਨਾ, ਨੀਲਾ ਮੈਦਾਨ, ਹੈਰੀ ਮਾਹੂਆਣਾ, ਰਵੀ ਸਿੰਘਪੁਰੀਆ ਆਦਿ ਹਾਜ਼ਰ ਸਨ |