ਅਬੋਹਰ, 3 ਸਤੰਬਰ (ਸੁਖਜੀਤ ਸਿੰਘ ਬਰਾੜ)- ਸਿਹਤ ਵਿਭਾਗ ਵੱਲੋਂ ਇਲਾਕੇ ਵਿਚ ਰਾਸ਼ਟਰੀ ਪੋਸ਼ਣ ਖ਼ੁਰਾਕ ਹਫ਼ਤਾ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧ ਵਿਚ, ਅੱਜ ਬਲਾਕ ਕਮਿਊਨਿਟੀ ਹੈਲਥ ਸੈਂਟਰ (ਸੀ.ਐਚ.ਸੀ.) ਖੂਈ ਖੇੜਾ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੰਤੁਲਿਤ ਤੇ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਪ੍ਰੋਗਰਾਮ ਦੀ ਪ੍ਰਧਾਨਗੀ ਸਹਾਇਕ ਸਿਵਲ ਸਰਜਨ ਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐੱਚ.ਸੀ. ਖੂਈ ਖੇੜਾ ਡਾ. ਰੋਹਿਤ ਗੋਇਲ ਨੇ ਕੀਤੀ | ਉਨ੍ਹਾਂ ਕਿਹਾ ਕਿ ਪੌਸ਼ਟਿਕ ਖ਼ੁਰਾਕ ਸਿਹਤਮੰਦ ਜੀਵਨ ਦੀ ਮਜ਼ਬੂਤ ਨੀਂਹ ਹੈ | ਉਨ੍ਹਾਂ ਕਿਹਾ ਕਿ ਸੰਤੁਲਿਤ ਖ਼ੁਰਾਕ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਹਰ ਉਮਰ ਸਮੂਹ ਲਈ ਬਹੁਤ ਮਹੱਤਵਪੂਰਨ ਹੈ | ਖ਼ਾਸ ਕਰਕੇ ਗਰਭਵਤੀ ਔਰਤਾਂ ਤੇ ਬੱਚਿਆਂ ਨੂੰ ਸੰਤੁਲਿਤ ਭੋਜਨ ਦੇਣਾ ਤਰਜੀਹ ਹੋਣੀ ਚਾਹੀਦੀ ਹੈ | ਡਾ. ਗੋਇਲ ਨੇ ਕਿਹਾ ਕਿ ਚੰਗੇ ਭੋਜਨ ਦੀ ਘਾਟ ਕਾਰਨ, ਦੁਨੀਆ ਭਰ ਵਿਚ ਕਰੋੜਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਤੇ ਬਹੁਤ ਸਾਰੇ ਬੱਚੇ ਘੱਟ ਭਾਰ ਨਾਲ ਪੈਦਾ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਸਾਡੀ ਰੋਜ਼ਾਨਾ ਖ਼ੁਰਾਕ ਵਿਚ, ਅੰਕੁਰਿਤ ਦਾਲਾਂ, ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲ, ਦੁੱਧ, ਦਹੀਂ, ਲੱਸੀ, ਸਲਾਦ ਆਦਿ ਦਾ ਸੇਵਨ ਕਾਫ਼ੀ ਮਾਤਰਾ 'ਚ ਕਰਨਾ ਚਾਹੀਦਾ ਹੈ | ਮੈਡੀਕਲ ਅਫ਼ਸਰ ਡਾ. ਗ਼ੌਰੀ ਸ਼ੰਕਰ ਤੇ ਬਲਾਕ ਐਕਸਟੈਨਸ਼ਨ ਐਜੂਕੇਟਰ ਸੁਸ਼ੀਲ ਕੁਮਾਰ ਨੇ ਵੀ ਪੌਸ਼ਟਿਕ ਖ਼ੁਰਾਕ ਦੀ ਮਹੱਤਤਾ 'ਤੇ ਚਾਨਣਾ ਪਾਇਆ | ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਾਇਮਰੀ ਹੈਲਥ ਸੈਂਟਰਾਂ, ਹੈਲਥ ਐਂਡ ਵੈਲਨੈੱਸ ਸੈਂਟਰਾਂ ਤੇ ਸਬ-ਸੈਂਟਰਾਂ ਦੇ ਕਰਮਚਾਰੀ ਤੇ ਆਸ਼ਾ ਵਰਕਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸੰਤੁਲਿਤ ਖ਼ੁਰਾਕ, ਪੋਸ਼ਣ ਤੇ ਸਿਹਤ ਸਫ਼ਾਈ ਬਾਰੇ ਜਾਗਰੂਕ ਕਰ ਰਹੇ ਹਨ |