ਮੰਡੀ ਅਰਨੀਵਾਲਾ 4 ਸਤੰਬਰ (ਨਿਸ਼ਾਨ ਸਿੰਘ ਮੋਹਲ਼ਾ)-ਅਰਨੀਵਾਲਾ ਬਲਾਕ ਅਧੀਨ ਪੈਂਦੇ ਪਿੰਡ ਚੱਕ ਪੱਖੀ, ਚੱਕ ਬੰਨਵਾਲਾ, ਚੱਕ ਡਬਵਾਲਾ, ਸ਼ਾਮ ਖਾਨਾ ਕਾ, ਬਾਘੇ ਵਾਲਾ ਪਿੰਡਾਂ ਦੀ ਕਰੀਬ 700 ਏਕੜ ਫ਼ਸਲ ਬਾਰਸ਼ ਦੇ ਪਾਣੀ ਵਿਚ ਡੁੱਬ ਗਈ ਹੈ | ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਹੰਸਰਾਜ ਜੋਸਨ ਵਲੋਂ ਇਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਪੀੜਿਤ ਕਿਸਾਨਾਂ ਦਾ ਦੁੱਖ ਸੁਣਿਆ | ਹੰਸਰਾਜ ਜੋਸਨ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਦੇ ਨਾਲ ਰੇਲਵੇ ਲਾਈਨ ਲੱਗਦੀ ਹੋਣ ਕਰਕੇ ਅੱਗੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਜਿਸ ਕਾਰਨ ਇੱਥੇ ਫ਼ਸਲ ਡੁੱਬ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਵੇਂ ਪਹਿਲਾਂ ਇੱਥੇ ਰੇਲਵੇ ਲਾਈਨ ਦੇ ਹੇਠੋਂ ਦੀ ਸੈਫਲ ਪਾ ਕੇ ਪਾਣੀ ਅੱਗੇ ਸੇਮ ਨਾਲੇ ਤੱਕ ਲੰਘਾਇਆ ਜਾਂਦਾ ਸੀ | ਉਸੇ ਤਰ੍ਹਾਂ ਜੇਕਰ ਹੁਣ ਪਾਣੀ ਦਾ ਨਿਕਾਸ ਕੀਤਾ ਜਾਵੇ ਤਾਂ ਕਿਸਾਨਾਂ ਦੀ ਫ਼ਸਲ ਡੁੱਬਣ ਤੋਂ ਬਚ ਸਕਦੀ ਹੈ | ਸਾਬਕਾ ਮੰਤਰੀ ਹੰਸਰਾਜ ਜੋਸਨ ਨੇ ਪੀੜਤ ਕਿਸਾਨਾਂ ਲਈ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਵੀ ਕੀਤੀ | ਇਸ ਮੌਕੇ ਉਨ੍ਹਾਂ ਨਾਲ ਅਰਸ਼ਦੀਪ ਸਿੰਘ ਬਾਘੇਵਾਲਾ, ਜੈ ਚੰਦ ਚੱਕ ਬੰਨਵਾਲਾ, ਰਾਜ ਕੁਮਾਰ ਸਰਪੰਚ, ਧਰਮ ਚੰਦ, ਕਮਲਜੀਤ ਸਿੰਘ ਬਾਘੇਵਾਲਾ, ਰਵਿੰਦਰ ਸਿੰਘ, ਬਲਵੀਰ ਸਿੰਘ, ਰਮਨਦੀਪ ਸਿੰਘ, ਸੁਲੱਖਣ ਸਿੰਘ, ਗੁਰਸਾਹਿਬ ਸਿੰਘ ਮੱਲ੍ਹੀ ਤੇ ਹੋਰ ਕਿਸਾਨ ਵੀ ਹਾਜ਼ਰ ਸਨ |