ਅਬੋਹਰ, 6 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਪਿੰਡ ਵਾਸੀਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਏ ਰਾਹਤ ਕੈਂਪਾਂ ਵਿਚ ਲੰਗਰ ਸੇਵਾਵਾਂ ਲਈ ਅਬੋਹਰ ਦੀਆਂ ਵੱਖ-ਵੱਖ ਸੰਸਥਾਵਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਵਿਪਨ ਨੇ ਦੱਸਿਆ ਕਿ ਅਬੋਹਰ ਇਲਾਕੇ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਸਥਾਵਾਂ ਦੇ ਨੁਮਾਇੰਦੇ ਫ਼ਾਜ਼ਿਲਕਾ ਦੇ ਪਿੰਡਾ ਵਿਚ ਰਾਹਤ ਕੈਂਪਾਂ 'ਚ ਸੇਵਾਵਾਂ ਲਈ ਲੱਗੇ ਹੋਏ ਹਨ | ਜਿਨ੍ਹਾਂ ਵਿਚੋਂ ਕੈਂਪ ਪਿੰਡ ਹਸਤਾਂ ਕਲਾਂ ਅਤੇ ਰਾਣਾ ਵਿਖੇ ਲੱਗਿਆ ਹੋਇਆ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੰਗਰ ਸੇਵਾ 20 ਦਿਨਾਂ ਲਈ ਅਬੋਹਰ ਦੀਆਂ ਸੰਸਥਾਵਾਂ ਨੂੰ ਦਿੱਤੀ ਗਈ ਹੈ | ਰਾਹਤ ਕੈਂਪਾਂ 'ਚ ਕਰੀਬ 400 ਲੋਕ ਰਹਿ ਰਹੇ ਹਨ | ਉਨ੍ਹਾਂ ਲਈ ਸਵੇਰੇ 9 ਵਜੇ ਅਤੇ ਸ਼ਾਮ 6 ਵਜੇ ਲੰਗਰ ਭੇਜਿਆ ਜਾਵੇਗਾ ਜਿਸ ਤਹਿਤ ਹਸਤ ਕਲਾਂ ਅਤੇ ਰਾਣਾ ਵਿਖੇ ਗੁਰੂ ਕੇ ਲੰਗਰ ਪਹਿਲੇ ਪੰਜ ਦਿਨ ਸੇਵਾ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਨਾਨਕਸਰ ਟੋਭਾ ਅਬੋਹਰ ਵਲੋਂ ਕੀਤੀ ਜਾਵੇਗੀ ਜਦ ਕਿ 11 ਸਤੰਬਰ ਤੋਂ 15 ਸਤੰਬਰ ਤੱਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਰਿਆਮ ਨਗਰ ਹਨੂਮਾਨਗੜ੍ਹ ਰੋਡ ਅਬੋਹਰ ਤੇ 16 ਤੇ 17 ਸਤੰਬਰ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਅਬੋਹਰ ਵਲੋਂ ਗੁਰੂ ਕਾ ਲੰਗਰ ਬਣਾ ਕੇ ਹਸਤ ਕਲਾਂ ਤੇ ਰਾਣਾ ਕੈਂਪ ਵਿਚ ਭੇਜੇ ਜਾਣਗੇ | ਲੰਗਰ ਵੰਡਣ ਜਾਣ ਲਈ ਸ੍ਰੀ ਗੁਰੂ ਨਾਨਕ ਸੇਵਕ ਦਲ ਸਿਮਰਨ ਸੁਸਾਇਟੀ ਵਲ਼ੋਂ ਗੱਡੀ ਦੀ ਸੇਵਾ ਕੀਤੀ ਜਾਵੇਗੀ ਜਿਸ ਤਹਿਤ ਅੱਜ ਮਾਸਟਰ ਕੁਲਵੰਤ ਰਾਏ ਕੰਤੀ, ਲੈਕਚਰਾਰ ਸ਼ਰਨਜੀਤ ਸਿੰਘ, ਮਨਜੀਤ ਸਿੰਘ ਮੰਨਾ, ਅਮਿਤ ਚਰਾਇਆ, ਗੁਰਵਿੰਦਰ ਸਿੰਘ ਵਿਪਨ ਆਦਿ ਲੰਗਰ ਲਈ ਫ਼ਾਜ਼ਿਲਕਾ ਰਾਹਤ ਕੈਂਪਾਂ ਲਈ ਰਵਾਨਾ ਹੋਏ |