ਅਬੋਹਰ, 24 ਸਤੰਬਰ (ਸੁਖਜੀਤ ਸਿੰਘ ਬਰਾੜ)-ਬੱਲੂਆਣਾ ਹਲਕੇ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵਲੋਂ ਆਪਣੇ ਸਥਾਨਕ ਅਨਾਜ ਮੰਡੀ ਵਿਖੇ ਸਥਿਤ ਦਫ਼ਤਰ ਵਿਚ ਖੱੁਲ੍ਹਾ ਦਰਬਾਰ ਲਗਾ ਕੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਦੌਰਾਨ ਵਿਧਾਇਕ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ 'ਚ 10 ਲੱਖ ਤੱਕ ਦਾ ਮੁਫ਼ਤ ਇਲਾਜ ਸੁਵਿਧਾ ਸ਼ੁਰੂ ਕਰਕੇ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ | ਉਨ੍ਹਾਂ ਕਿਹਾ ਕਿ 10 ਲੱਖ ਦਾ ਮੁਫ਼ਤ ਇਲਾਜ ਸ਼ੁਰੂ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ | ਮਹਿੰਗਾਈ ਕਾਰਨ ਅੱਜ ਆਮ ਵਿਅਕਤੀ ਨੂੰ ਇਲਾਜ ਕਰਵਾਉਣਾ ਔਖਾ ਸੀ | ਹੁਣ ਸੂਬਾ ਵਾਸੀ ਸਿਹਤ ਕਾਰਡ ਰਾਹੀਂ 10 ਲੱਖ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ | ਉਨ੍ਹਾਂ ਇਹ ਸਕੀਮ ਸ਼ੁਰੂ ਕੀਤੇ ਜਾਣ 'ਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਇਸ ਤੋਂ ਪਹਿਲਾ ਹਰ ਇਕ ਸੂਬਾ ਵਾਸੀ ਨੂੰ 600 ਯੂਨਿਟ ਮੁਫ਼ਤ ਬਿਜਲੀ ਦਾ ਵੀ ਵੱਡਾ ਫ਼ਾਇਦਾ ਮਿਲ ਰਿਹਾ ਹੈ | ਜਲਦੀ ਹੀ ਸਾਡੀ ਸਰਕਾਰ ਔਰਤਾਂ ਨੂੰ ਵੀ ਇਕ ਇਕ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਵੀ ਸਹੂਲਤ ਦੇਣ ਜਾ ਰਹੀ ਹੈ | ਇਸ ਮੌਕੇ ਪਾਰਟੀ ਦੇ ਹੋਰ ਵੀ ਬਹੁਤ ਸਾਰੇ ਆਗੂ, ਸਰਪੰਚ, ਪੰਚ ਹਾਜ਼ਰ ਸਨ |