ਮੰਡੀ ਰੋੜਾਂਵਾਲੀ, 24 ਸਤੰਬਰ (ਮਨਜੀਤ ਸਿੰਘ ਬਰਾੜ)- ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ ਸਹੁੰ ਚੁੱਕਣ ਉਪਰੰਤ ਆਪ ਸਰਕਾਰ ਨੇ ਭਗਤ ਸਿੰਘ ਦੇ ਆਦਰਸ਼ਾਂ ਤੋਂ ਪਾਸਾ ਵੱਟ ਲਿਆ ਹੈ ਤੇ ਇਹ ਸਰਕਾਰ ਵੀ ਦੂਸਰੀਆਂ ਸਰਕਾਰਾਂ ਵਾਂਗ ਕਾਰਪੋਰੇਟ ਘਰਾਨਿਆਂ ਦੀ ਬਣ ਕੇ ਰਹਿ ਗਈ ਹੈ | ਸਰਕਾਰ ਖ਼ਿਲਾਫ਼ ਵੋਕੇਸ਼ਨਲ ਟੀਚਰ ਫ਼ਰੰਟ ਵਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੇ ਜਨਮ ਦਿਨ 'ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵੋਕੇਸ਼ਨਲ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਆਗੂ ਰਾਜਪ੍ਰੀਤ ਸਿੰਘ ਬਰਾੜ ਚਿਮਨੇਵਾਲਾ ਨੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਯੂਨੀਅਨ ਜਲਦ ਹੀ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਸਮੇਤ ਵਿਭਾਗੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰੇਗੀ ਤੇ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਲੈ ਕੇ ਆਵੇਗੀ |