ਫ਼ਾਜ਼ਿਲਕਾ, 18 ਅਕਤੂਬਰ (ਅਮਰਜੀਤ ਸ਼ਰਮਾ)- ਜ਼ਿਲ੍ਹਾ ਫ਼ਾਜ਼ਿਲਕਾ ਦੀ 40 ਸਾਲਾਂ ਤੋਂ ਵੱਧ ਪੁਰਾਣੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸੋਸ਼ਲ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਵਲੋਂ ਦਿਵਿਆਂਗ ਬੱਚਿਆਂ ਲਈ ਉਡਾਣ ਪ੍ਰੋਜੈਕਟ ਤਹਿਤ ਸਥਾਪਤ ਕੀਤੇ ਗਏ ਜ਼ਿਲ੍ਹਾ ਸਪੈਸ਼ਲ ਰਿਸੋਰਸ ਸੈਂਟਰ ਜਿੱਥੇ ਲਗਭਗ 60 ਦਿਵਿਆਂਗ ਬੱਚੇ ਸਿੱਖਿਆ ਪ੍ਰਾਪਤ ਕਰ ਰਹੇ ਹਨ, ਨਾਲ ਦੀਵਾਲੀ ਮਨਾਈ | ਪ੍ਰੋਗਰਾਮ 'ਚ ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਪਿ੍ੰਸੀਪਲ ਮਧੂ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਕਿਹਾ ਕਿ ਸੋਸ਼ਲ ਵੈੱਲਫੇਅਰ ਸੋਸਾਇਟੀ ਵਲੋਂ ਦਿਵਿਆਂਗ ਬੱਚਿਆਂ ਨਾਲ ਰੌਸ਼ਨੀ ਤੇ ਖ਼ੁਸ਼ੀ ਦਾ ਤਿਉਹਾਰ ਦੀਵਾਲੀ ਮਨਾਉਣਾ ਬਹੁਤ ਸ਼ਲਾਘਾਯੋਗ ਕਾਰਜ ਹੈ | ਉਨ੍ਹਾਂ ਕਿਹਾ ਕਿ ਅੱਜ ਇਨ੍ਹਾਂ ਦਿਵਿਆਂਗ ਬੱਚਿਆਂ ਨਾਲ ਦੀਵਾਲੀ ਮਨਾ ਕੇ ਮੈਨੂੰ ਬਹੁਤ ਖ਼ੁਸ਼ੀ ਮਹਿਸੂਸ ਹੋ ਰਹੀ ਹੈ | ਇਹ ਪ੍ਰੋਗਰਾਮ ਪੀ.ਐਮ. ਸ੍ਰੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪਿ੍ੰਸੀਪਲ ਸੁਤੰਤਰ ਪਾਠਕ ਦੀ ਅਗਵਾਈ ਹੇਠ ਕਰਵਾਇਆ ਗਿਆ | ਪਿ੍ੰਸੀਪਲ ਪਾਠਕ ਨੇ ਦੱਸਿਆ ਕਿ ਇਨ੍ਹਾਂ ਦਿਵਿਆਂਗ ਬੱਚਿਆਂ ਨੂੰ ਮਿਲ ਕੇ ਉਨ੍ਹਾਂ ਨੂੰ ਚੰਗਾ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ | ਉਨ੍ਹਾਂ ਕਿਹਾ ਕਿ ਸਕੂਲ ਵਿਚ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਅਧਿਆਪਕ ਗੁਰਮੀਤ ਸਿੰਘ, ਰਾਜ ਕੁਮਾਰ, ਨਿਸ਼ਾ ਬਜਾਜ, ਮੀਨਾਕਸ਼ੀ ਮੱਕੜ, ਮੀਨੂੰ ਬਾਲਾ, ਸ਼ਵੇਤਾ ਰਾਣੀ, ਰਜਨੀ, ਵਿਨੋਦ ਕੁਮਾਰ ਤੇ ਦਰਜਾ ਚਾਰ ਕਰਮਚਾਰੀ ਸਾਰੇ ਦਿਵਿਆਂਗ ਬੱਚਿਆਂ ਦੀ ਦੇਖਭਾਲ ਬਹੁਤ ਸਮਰਪਿਤ ਤੇ ਪਿ1ਆਰ ਭਾਵਨਾ ਨਾਲ ਕਰਦੇ ਹਨ | ਪ੍ਰੋਗਰਾਮ ਸੁਸਾਇਟੀ ਦੇ ਪ੍ਰਧਾਨ ਸ਼ਸ਼ੀਕਾਂਤ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਸੀਨੀਅਰ ਮੀਤ ਪ੍ਰਧਾਨ ਸੰਦੀਪ ਅਨੇਜਾ, ਸੁਸ਼ੀਲ ਗੁਪਤਾ, ਕੰਚਨ ਕਾਲੜਾ ਤੇ ਨੀਲਮ ਸਚਦੇਵਾ ਆਦਿ ਦੀ ਅਗਵਾਈ ਹੇਠ ਕੀਤਾ ਗਿਆ | ਸਰਵਹਿੱਤਕਾਰੀ ਸਕੂਲ ਦੇ ਵਾਈਸ ਪਿ੍ੰਸੀਪਲ ਗੌਤਮ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਪ੍ਰੋਗਰਾਮ 'ਚ ਦੋ ਦਿਵਿਆਂਗ ਵਿਦਿਆਰਥੀਆਂ ਵੱਲੋਂ ਭਜਨ ਤੇ ਕਵਿਤਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ ਗਿਆ | ਪ੍ਰੋਗਰਾਮ ਦੇ ਅੰਤ 'ਚ ਸਾਰੇ ਬੱਚਿਆਂ ਨੂੰ ਮਿਠਾਈ ਤੇ ਤੋਹਫ਼ੇ ਵੰਡੇ ਗਏ ਤੇ ਮੁੱਖ ਮਹਿਮਾਨ ਪਿ੍ੰਸੀਪਲ ਮਧੂ ਸ਼ਰਮਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |