ਅਬੋਹਰ, 21 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ) ਇਲਾਕੇ ਦੀ ਧਾਰਮਿਕ ਅਤੇ ਸਮਾਜਿਕ ਸੰਸਥਾ ਸ਼੍ਰੀ ਗੁਰੂ ਤੇਗ਼ ਬਹਾਦਰ ਸੇਵਾ ਸੁਸਾਇਟੀ ਵਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਜਰਨਲ ਸਕੱਤਰ ਸੁਖਜਿੰਦਰ ਸਿੰਘ ਰਾਜਨ ਨੇ ਦੱਸਿਆ ਕਿ ਤੀਜੇ ਪੜਾਅ ਤਹਿਤ ਧਾਰਮਿਕ ਸਾਹਿੱਤ ਦੀਆਂ 100 ਤੋਂ ਵੱਧ ਕਿਤਾਬਾਂ ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਗੁਰਦੁਆਰਾ ਨਾਨਕਸਰ ਟੋਭਾ ਦੀ ਲਾਇਬ੍ਰੇਰੀ ਲਈ ਭੇਟ ਕੀਤੀਆਂ ਗਈਆਂ ਹਨ | ਇਸ ਤੋਂ ਇਲਾਵਾ ਐਤਵਾਰ 23 ਨਵੰਬਰ ਨੂੰ ਸਥਾਨਕ ਸੁੰਦਰ ਨਗਰੀ ਸਥਿਤ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਸਵੇਰੇ 11 ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਜਿਸ ਵਿਚ ਹੱਡੀ ਰੋਗਾਂ ਦੇ ਮਾਹਿਰ ਡਾ. ਸਨਮਾਨ ਮਾਜ਼ੀ ਅਤੇ ਔਰਤ ਰੋਗਾਂ ਦੇ ਮਾਹਿਰ ਡਾ. ਨਰਿੰਦਰ ਕੌਰ ਮਰੀਜ਼ਾਂ ਦੀ ਜਾਂਚ ਕਰਨਗੇ | ਇਸ ਦੌਰਾਨ ਮਰੀਜ਼ਾਂ ਨੂੰ ਲੋੜ ਅਨੁਸਾਰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਕੈਂਪ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ ਜਦ ਕਿ ਪ੍ਰੋਜੈਕਟ ਇੰਚਾਰਜ ਪਰਵਿੰਦਰ ਪਾਲ ਸਿੰਘ ਰਾਜਾ, ਕੁਲਬੀਰ ਸਿੰਘ ਅਜੀਮਗੜ੍ਹ ਅਤੇ ਜਗਜੀਤ ਸਿੰਘ ਜੱਗਾ ਹੋਣਗੇ | ਇਸ ਦੇ ਨਾਲ ਹੀ ਸੋਮਵਾਰ 24 ਨਵੰਬਰ ਸ਼ਾਮ ਨੂੰ ਅਬੋਹਰ ਰੇਲਵੇ ਸਟੇਸ਼ਨ ਤੋਂ ਕਰਨਲ ਐੱਸ.ਪੀ.ਆਰ ਗਾਬਾ ਅਤੇ ਹਰਮਿੰਦਰ ਸਿੰਘ ਜੋਨੀ ਦੀ ਅਗਵਾਈ ਹੇਠ ਕੰਬਲ ਵੰਡੇ ਜਾਣਗੇ ਜਦ ਕਿ ਪੋ੍ਰਜੈਕਟ ਇੰਚਾਰਜ ਮਾਨ ਸਿੰਘ ਪਰੂਥੀ ਅਤੇ ਬਲਬੀਰ ਸਿੰਘ ਹੋਣਗੇ | ਇਸ ਮੌਕੇ ਐਡਵੋਕੇਟ ਤੇਜਿੰਦਰ ਸਿੰਘ ਖ਼ਾਲਸਾ, ਗੁਰਦੁਆਰਾ ਨਾਨਕਸਰ ਟੋਭਾ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ, ਚੰਨਪ੍ਰੀਤ ਸਿੰਘ ਖ਼ਾਲਸਾ, ਸ਼ਿਵਰਾਜ ਸਿੰਘ ਖ਼ਾਲਸਾ, ਭੁਪਿੰਦਰ ਸਿੰਘ ਪੋਜ਼ੀ, ਪਰਵਿੰਦਰ ਪਾਲ ਸਿੰਘ ਰਾਜਾ, ਮਾਨ ਸਿੰਘ ਪਰੂਥੀ, ਰੋਤਾਸ ਸੋਖਲ ਆਦਿ ਹਾਜ਼ਰ ਸਨ |