ਅਬੋਹਰ, 24 ਨਵੰਬਰ(ਵਿਵੇਕ ਹੂੜੀਆ)-ਸਹਾਰਾ ਹੜ੍ਹ ਰਾਹਤ ਮਿਸ਼ਨ ਅਬੋਹਰ ਟੀਮ ਦੇ ਆਗੂ ਕਰਨਲ ਗਾਬਾ, ਸਮਾਜ ਸੇਵਕ ਰਾਜੂ ਚਰਾਇਆ, ਐਡਵੋਕੇਟ ਅਮਿੱਤ ਅਸੀਜਾ ਤੇ ਕਮਲ ਖੁਰਾਨਾ ਸਮੇਤ ਟੀਮ ਦੇ ਮੈਂਬਰਾਂ ਦੁਆਰਾ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਦੌਰੇ ਤੋਂ ਬਾਅਦ ਸਾਬੂਆਣਾ ਪਿੰਡ ਦੇ ਕੁੱਝ ਘਰਾਂ ਨੂੰ ਬਹੁਤ ਜ਼ਿਆਦਾ ਲੋੜਵੰਦ ਪਾਇਆ | ਇਨ੍ਹਾਂ ਨੁਕਸਾਨੇ ਗਏ ਤੇ ਪੂਰੀ ਤਰ੍ਹਾਂ ਢਹਿ-ਢੇਰੀ ਹੋਏ ਘਰਾਂ ਨੂੰ ਕੋਈ ਸਰਕਾਰੀ ਸਹਾਇਤਾ ਮਿਲਣ ਦੀ ਕੋਈ ਉਮੀਦ ਨਹੀਂ ਸੀ, ਕਿਉਂਕਿ ਇਹ ਪਿੰਡ ਦੇ ਛਪਾਰ ਖੇਤਰ ਤੇ ਲਾਲ ਲਕੀਰ ਖੇਤਰ 'ਚ ਡਿਗ ਪਏ ਸਨ | ਸਰਕਾਰੀ ਅਧਿਕਾਰੀਆਂ ਤੇ ਪਿੰਡ ਦੇ ਸਰਪੰਚ ਤੋਂ ਪੂਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਸਹਾਰਾ ਹੜ੍ਹ ਰਾਹਤ ਮਿਸ਼ਨ ਅਬੋਹਰ ਟੀਮ ਦੇ ਮੈਂਬਰਾਂ ਦੁਆਰਾ ਸਾਬੂਆਣਾ ਪਿੰਡ ਦੇ ਦੋ ਘਰਾਂ ਦੀ ਪਛਾਣ ਬਹੁਤ ਜ਼ਿਆਦਾ ਲੋੜਵੰਦ ਵਜੋਂ ਕੀਤੀ ਗਈ | ਨਿਸ਼ਾਨਦੇਹੀ ਦੇ ਕੰਮ ਤੋਂ ਬਾਅਦ, ਕਰਨਲ ਗਾਬਾ, ਰਾਜੂ ਚਰਾਇਆ ਤੇ ਐਡਵੋਕੇਟ ਅਮਿੱਤ ਅਸੀਜਾ ਨੇ ਪਿੰਡ ਸਾਬੂਆਣਾ ਦੇ ਇਕ ਪੂਰੀ ਤਰ੍ਹਾਂ ਢਹਿ-ਢੇਰੀ ਹੋਏ ਘਰ ਦੀ ਮੁੜ ਉਸਾਰੀ ਦਾ ਕੰਮ ਸ਼ੁਰੂ ਕਰਨ ਲਈ ਸਾਰੀ ਲੋੜੀਂਦੀ ਸਮਗਰੀ ਪਿੰਡ ਸਾਬੂਆਣਾ ਪਹੁੰਚਾਈ | ਇਸ ਤੋਂ ਬਾਅਦ ਟੀਮ ਮੁਖੀ ਕਰਨਲ ਗਾਬਾ ਦੀ ਅਗਵਾਈ ਹੇਠ 'ਸਹਾਰਾ ਹੜ੍ਹ ਰਾਹਤ ਮਿਸ਼ਨ' ਅਬੋਹਰ ਦੇ ਬੈਨਰ ਹੇਠ ਟੀਮ ਮੁਖੀਆਂ ਨੇ ਪਿੰਡ ਸਾਬੂਆਣਾ 'ਚ ਹੜ੍ਹ ਨਾਲ ਨੁਕਸਾਨੇ ਗਏ ਘਰ ਦੀ ਮੁੜ ਉਸਾਰੀ ਦਾ ਕੰਮ ਭੂਮੀ ਪੂਜਣ ਕਰਕੇ ਸ਼ੁਰੂ ਕੀਤਾ | ਇਸ ਮੌਕੇ ਕਰਨਲ ਗਾਬਾ ਦੇ ਨਾਲ ਸਮਾਜ ਸੇਵਕ ਰਾਜੂ ਚਰਾਇਆ ਅਤੇ ਐਡਵੋਕੇਟ ਅਮਿੱਤ ਅਸੀਜਾ 'ਬਾਵਾ' ਮੌਜੂਦ ਸਨ | ਟੀਮ ਮੈਂਬਰਾਂ ਨੇ ਸੰਕੇਤ ਦਿੱਤਾ ਹੈ ਕਿ ਪਹਿਲੇ ਘਰ ਦੇ ਮੁਕੰਮਲ ਹੋਣ ਤੋਂ ਤੁਰੰਤ ਬਾਅਦ, ਦੂਜੇ ਲੋੜਵੰਦ ਪਰਿਵਾਰ ਲਈ ਇਕ ਸਥਾਈ ਘਰ ਬਣਾਇਆ ਜਾਵੇਗਾ | ਜ਼ਿਕਰਯੋਗ ਹੈ ਕਿ ਇਹ ਮਿਸ਼ਨ ਜਾਖੜ ਟਰੱਸਟ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ | ਉਸ ਤੋਂ ਬਾਅਦ ਅਬੋਹਰ ਦੇ ਸਾਰੇ ਦਾਨੀ ਲੋਕਾਂ ਨੇ ਆਪਣਾ ਸਮਰਥਨ ਦੇ ਕੇ ਇਸ ਮਿਸ਼ਨ ਨੂੰ ਸਫਲ ਬਣਾਇਆ, ਕਰਨਲ ਗਾਬਾ, ਰਾਜੂ ਚਰਾਇਆ, ਐਡਵੋਕੇਟ ਅਮਿੱਤ ਅਸੀਜਾ ਬਾਵਾ, ਕਮਲ ਕਿਸ਼ੋਰ ਖੁਰਾਨਾ ਨੇ ਸਾਰੇ ਦਾਨੀ ਲੋਕਾਂ ਦਾ ਧੰਨਵਾਦ ਕੀਤਾ |