ਅਬੋਹਰ, 24 ਨਵੰਬਰ (ਵਿਵੇਕ ਹੂੜੀਆ)-ਅਬੋਹਰ ਹਲਕੇ ਦੇ ਪਿੰਡ ਕੰਧਵਾਲਾ ਅਮਰਕੋਟ ਦੇ ਕਿਸਾਨਾਂ ਨੇ ਐੱਸ. ਡੀ. ਐਮ. ਦਫ਼ਤਰ ਸਾਹਮਣੇ ਆਪਣਾ ਗ਼ੁੱਸਾ ਪ੍ਰਗਟ ਕਰਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਪਿਛਲੇ ਮਹੀਨੇ ਭਾਰੀ ਬਾਰਿਸ਼ ਕਾਰਨ ਖ਼ਰਾਬ ਹੋਈਆਂ ਸਨ, ਉਨ੍ਹਾਂ ਨੂੰ ਢੁਕਵਾਂ ਮੁਆਵਜ਼ਾ ਨਹੀਂ ਮਿਲਿਆ, ਸਗੋਂ ਜਿਨ੍ਹਾਂ ਕਿਸਾਨਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ, ਉਹ ਇਸ ਮੁਆਵਜ਼ੇ ਦਾ ਫ਼ਾਇਦਾ ਉਠਾ ਰਹੇ ਹਨ ਅਤੇ ਉਨ੍ਹਾਂ ਨੂੰ ਕਣਕ ਬੀਜ ਦਿੱਤੇ ਜਾ ਰਹੇ ਹਨ | ਜਦ ਕਿ ਉਹ ਕਣਕ ਬੀਜ ਤੋਂ ਵੀ ਵਾਂਝੇ ਹਨ | ਉਨ੍ਹਾਂ ਨੇ ਐੱਸ. ਡੀ. ਐਮ. ਨੂੰ ਮੰਗ-ਪੱਤਰ ਸੌਂਪਿਆ ਹੈ ਤੇ ਦੁਬਾਰਾ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ ਹੈ | ਪਿੰਡ ਵਾਸੀਆਂ ਨੇ ਕਿਹਾ ਕਿ ਅਗਸਤ 2025 'ਚ ਭਾਰੀ ਬਾਰਿਸ਼ ਕਾਰਨ ਉਨ੍ਹਾਂ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਸੀ, ਜਿਸ ਦਾ ਉਨ੍ਹਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫ਼ਸਲਾਂ ਦੇ ਨੁਕਸਾਨ ਲਈ 20,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ ਸੀ, ਪਰ ਉਨ੍ਹਾਂ ਦੇ ਇਲਾਕੇ ਦੇ ਪਟਵਾਰੀ ਤੇ ਕਾਨੂੰਗੋ ਵਲੋਂ ਕੀਤਾ ਗਿਆ ਵਿਸ਼ੇਸ਼ ਸਰਵੇਖਣ ਨਿਰਪੱਖ ਨਹੀਂ ਹੈ ਕਿਉਂਕਿ ਸਰਵੇਖਣ 'ਚ ਉਨ੍ਹਾਂ ਕਿਸਾਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ, ਜਿਨ੍ਹਾਂ ਦੀਆਂ ਫ਼ਸਲਾਂ ਦਾ ਨੁਕਸਾਨ ਨਹੀਂ ਹੋਇਆ ਸੀ ਤੇ ਜਿਨ੍ਹਾਂ ਕਿਸਾਨਾਂ ਨੂੰ ਅਸਲ ਨੁਕਸਾਨ ਹੋਇਆ ਸੀ, ਉਹ ਇਸ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਸਨ | ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਪ੍ਰਭਾਵਿਤ ਕਿਸਾਨਾਂ ਨੂੰ ਦਿੱਤੇ ਜਾ ਰਹੇ ਕਣਕ ਬੀਜ ਵੀ ਅਜਿਹੇ ਜ਼ਮੀਨ ਮਾਲਕਾਂ ਨੂੰ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ | ਉਨ੍ਹਾਂ ਐੱਸ. ਡੀ. ਐਮ. ਤੋਂ ਮੰਗ ਕੀਤੀ ਹੈ ਕਿ ਨੁਕਸਾਨੀਆਂ ਗਈਆਂ ਫ਼ਸਲਾਂ ਦਾ ਨਵਾਂ ਸਰਵੇਖਣ ਕਰਵਾਇਆ ਜਾਵੇ |