ਮੰਡੀ ਰੋੜਾਂਵਾਲੀ, 6 ਦਸੰਬਰ (ਮਨਜੀਤ ਸਿੰਘ ਬਰਾੜ)-ਬਲਾਕ ਸੰਮਤੀ ਜ਼ੋਨ ਨੁਕੇਰੀਆਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਜਿਸ ਨੂੰ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਥਾਪੜਾ ਦਿਤਾ ਗਿਆ ਸੀ, ਦੇ ਅੱਜ ਕਾਗ਼ਜ਼ ਰੱਦ ਹੋ ਗਏ ਹਨ | ਗੁਰਜੀਤ ਸਿੰਘ ਇਸ ਜ਼ੋਨ ਤੋਂ ਕਾਂਗਰਸ ਪਾਰਟੀ ਦੇ ਸਟਰੌਂਗ ਉਮੀਦਵਾਰ ਵਜੋਂ ਸਨ, ਇਸ ਨਾਲ ਕਾਂਗਰਸ ਪਾਰਟੀ ਨੂੰ ਇਸ ਸੀਟ ਤੋਂ ਵੱਡਾ ਝਟਕਾ ਲੱਗਿਆ ਹੈ | ਇਸ ਸੰਬੰਧੀ ਜਦ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋ ਕਾਰਨਾਂ ਕਰਕੇ ਉਨ੍ਹਾਂ ਦੇ ਕਾਗ਼ਜ਼ ਰੱਦ ਹੋਏ ਹਨ, ਪਹਿਲਾ ਕੁੱਝ ਸਮਾਂ ਪਹਿਲਾਂ ਉਨ੍ਹਾਂ ਦਾ ਆਪਸੀ ਘਰੇਲੂ ਵਿਵਾਦ ਸੀ | ਜਿਸ ਵਿਚ ਮੌਕੇ 'ਤੇ ਸਥਾਨਕ ਪੁਲਿਸ ਵੀ ਪਹੁੰਚੀ ਹੋਈ ਸੀ ਪਰਿਵਾਰ ਦੇ ਕੁੱਝ ਲੋਕ ਆਪਸ ਵਿਚ ਭਿੜ ਪਏ ਸਨ, ਜਿਸ ਕਾਰਨ ਸਥਾਨਕ ਪੁਲਿਸ ਵਲੋਂ ਪਰਿਵਾਰ ਸਮੇਤ ਉਸ ਉੱਪਰ ਮਾਮਲਾ ਦਰਜ ਕਰ ਦਿੱਤਾ ਸੀ, ਇਸ ਮਾਮਲੇ ਦੀ ਇਨਕੁਆਰੀ ਡੀ. ਐੱਸ. ਪੀ ਜਲਾਲਾਬਾਦ ਕੋਲ ਲਗਾਈ ਗਈ ਸੀ, ਡੀ .ਐੱਸ. ਪੀ ਵਲੋਂ ਇਨਕੁਆਰੀ ਤਾਂ ਕਰ ਦਿੱਤੀ ਗਈ ਹੈ ਪਰ ਰਿਪੋਰਟ ਆਉਣੀ ਅਜੇ ਬਾਕੀ ਹੈ | ਦੂਸਰਾ ਬਿਜਲੀ ਵਿਭਾਗ ਵਲੋਂ ਉਸ ਨੂੰ ਕੁੰਡੀ ਦਾ ਜੁਰਮਾਨਾ ਲਗਾਇਆ ਗਿਆ ਸੀ, ਜਿਸ ਦਾ ਬਕਾਇਆ ਅਜੇ ਬਾਕੀ ਸੀ | ਜਦੋਂ ਉਸ ਨੂੰ ਪੁੱਛਿਆਂ ਗਿਆ ਕਿ ਸਰਕਾਰ ਵਲੋਂ ਦਬਾ ਪਾ ਕੇ ਕਾਗ਼ਜ਼ ਰੱਦ ਕੀਤੇ ਗਏ ਹਨ ਤਾਂ ਉਸ ਨੇ ਸਰਕਾਰ ਦੇ ਕਿਸੇ ਵੀ ਦਬਾਅ ਤੋਂ ਇਨਕਾਰ ਕੀਤਾ ਹੈ |