ਜਲਾਲਾਬਾਦ,7ਦਸੰਬਰ(ਜਤਿੰਦਰ ਪਾਲ ਸਿੰਘ)-ਜਲਾਲਾਬਾਦ ਦੀ ਗੋਬਿੰਦ ਨਗਰੀ ਵਾਸੀ ਨੌਜਵਾਨ ਰੰਗਤ ਰਾਮ ਪੁੱਤਰ ਬਲਵੰਤ ਰਾਮ ਪਿਛਲੇ ਲਗਭਗ 8 ਸਾਲਾਂ ਤੋਂ ਸਥਾਨਕ ਸ਼ਮਸ਼ਾਨ ਘਾਟ ਵਿਖੇ ਨਿਸ਼ਕਾਮ ਸੇਵਾ ਕਰਕੇ ਇਕ ਮਿਸਾਲ ਬਣਿਆ ਹੋਇਆ ਹੈ¢ ਸ਼ਮਸ਼ਾਨ ਘਾਟ ਵਿਖੇ ਸਸਕਾਰ ਲਈ ਬਣੀ ਗੱਡੀ ਚਲਾਉਣ ਦੇ ਨਾਲ-ਨਾਲ ਉਹ ਸਸਕਾਰ ਮੌਕੇ ਚਿਤਾ ਵਿਚ ਲੱਕੜਾਂ ਜੋੜਨ ਦੀ ਸੇਵਾ ਵੀ ਕਰਦਾ ਹੈ¢ ਬਿਨਾਂ ਕਿਸੇ ਦੇ ਲਾਲਚ ਦੇ ਭਗਤੀ ਵੱਸ ਕੀਤੀ ਜਾ ਰਹੀ ਇਸ ਸੇਵਾ ਤੇ ਹਲਕੇ ਦੇ ਲੋਕ ਕਾਫ਼ੀ ਪ੍ਰਸ਼ੰਸਾ ਕਰਦੇ ਹਨ ਪਰ ਰੰਗਤ ਰਾਮ ਕਿਸੇ ਵੀ ਪ੍ਰਸ਼ੰਸਾ ਜਾਂ ਸਨਮਾਨ ਦਾ ਭੁੱਖਾ ਨਹੀਂ ਹੈ¢ ਕਿਸੇ ਵੀ ਪ੍ਰਾਣੀ ਦੇ ਸਵਰਗ ਸਿਧਾਰਨ ਤੇ ਸ਼ਮਸ਼ਾਨ ਘਾਟ ਵਿਚ ਲੱਕੜਾਂ ਦੀ ਪਰਚੀ ਕਟਵਾਈ ਜਾਂਦੀ ਹੈ ਤਾਂ ਸਸਕਾਰ ਦੇ ਆਉਣ ਤੋਂ ਪਹਿਲਾਂ ਹੀ ਰੰਗਤ ਰਾਮ ਸਸਕਾਰ ਵਾਲੇ ਚੁੱਲ੍ਹੇ ਦੇ ਨੇੜੇ ਲੱਕੜਾਂ ਲੈ ਆਉਂਦਾ ਹੈ ਅਤੇ ਚੁੱਲ੍ਹੇ ਵਿਚ ਪਹਿਲਾਂ ਚਿਣਿਆ ਜਾਣ ਵਾਲੀਆਂ ਲੱਕੜਾਂ ਰੱਖ ਦਿੰਦਾ ਹੈ¢ ਕਰੋਨਾ ਦੇ ਸਮੇਂ ਵੀ ਰੰਗਤ ਰਾਮ ਨੇ ਬਿਨਾਂ ਕਿਸੇ ਡਰ ਭੈਅ ਤੋਂ ਇਹ ਸੇਵਾ ਨਿਭਾਈ ਸੀ¢ ਉਸ ਸਮੇਂ ਤਾਂ ਕਈ ਚਿੱਟੇ ਖ਼ੂਨ ਵਾਲੇ ਆਪਣਿਆਂ ਦਾ ਸਸਕਾਰ ਕਰਨ ਤੋਂ ਵੀ ਡਰ ਗਏ ਸਨ ਅਤੇ ਲਾਸ਼ ਦੇ ਨੇੜੇ ਨਹੀਂ ਲੱਗੇ ਸਨ, ਉਸ ਸਮੇਂ ਵੀ ਰੰਗਤ ਰਾਮ ਨੇ ਸਸਕਾਰ ਦੀ ਸਾਰੀ ਸੇਵਾ ਆਪਣੇ ਹੱਥੀਂ ਕੀਤੀ ਸੀ¢ ਕਈ ਵਾਰ ਸਮਾਜ ਸੇਵੀਆਂ ਨੇ ਉਸ ਨੂੰ ਸਨਮਾਨਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪਿਆਰ ਦੇ ਨਾਲ ਹੱਥ ਜੋੜ ਕੇ ਸਿਰਫ਼ ਸੇਵਾ ਕਰਨ ਦੀ ਹੀ ਗੱਲ ਕਰਦਾ ਹੈ¢ ਗੱਲਬਾਤ ਕਰਦੇ ਹੋਏ ਰੰਗਤ ਰਾਮ ਨੇ ਦੱਸਿਆ ਕਿ ਪਹਿਲਾਂ ਤਿਲਕ ਰਾਜ ਸੇਵਾ ਕਰਦੇ ਸਨ ਅਤੇ ਕਈ ਵਾਰ ਰੁੱਝੇ ਹੋਣ ਕਰਕੇ ਉਹ ਮੈਨੂੰ ਭੇਜ ਦਿੰਦੇ ਸਨ¢ ਸੇਵਾ ਕਰਕੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਸੀ ਅਤੇ ਮਨ ਦੀ ਭਟਕਣਾ ਖ਼ਤਮ ਹੋ ਜਾਂਦੀ ਸੀ¢ਹੌਲੀ ਹੌਲੀ ਸੇਵਾ ਵਿਚ ਪੱਕਾ ਹੋ ਗਿਆ¢ ਇਹ ਜ਼ਿਕਰਯੋਗ ਹੈ ਕਿ ਰੰਗਤ ਰਾਮ ਦਾ ਖ਼ੁਦ ਦਾ ਟਰਾਂਸਪੋਰਟ ਦਾ ਕੰਮ ਹੈ ਅਤੇ ਸ਼ਮਸ਼ਾਨ ਘਾਟ ਤੋਂ ਕਿਸੇ ਵੀ ਤਰਾਂ ਦੀ ਕੋਈ ਸੇਵਾ ਨਹੀਂ ਲੈਂਦਾ¢ ਰੰਗਤ ਰਾਮ ਆਪਣੀ ਨਿਸ਼ਕਾਮ ਸੇਵਾ ਤੇ ਮਿੱਠੇ ਸੁਭਾਅ ਕਰਕੇ ਹਲਕੇ ਦੇ ਲੋਕਾਂ ਲਈ ਇਕ ਮਿਸਾਲ ਬਣਿਆ ਹੋਇਆ ਹੈ¢