ਮੰਡੀ ਅਰਨੀਵਾਲਾ, 7 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਵੱਲੋਂ ਅਰਨੀਵਾਲਾ ਬਲਾਕ ਸੰਮਤੀ ਦੇ ਵੱਖ-ਵੱਖ ਜ਼ੋਨਾਂ ਤੋਂ ਉਮੀਦਵਾਰ ਅਤੇ ਜ਼ੋਨ ਸਜਰਾਨਾ ਤੋਂ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਬਲਵਿੰਦਰ ਸਿੰਘ ਬਿੱਟੂ ਅÏਲਖ ਦੇ ਹੱਕ ਵਿਚ ਵੱਖ-ਵੱਖ ਪਿੰਡਾਂ ਵਿਚ ਜਾ ਕੇ ਚੋਣ ਪ੍ਰਚਾਰ ਕੀਤਾ | ਪ੍ਰਧਾਨ ਕਾਕਾ ਕੰਬੋਜ ਨੇ ਕਿਹਾ ਕਿ ਭਾਜਪਾ ਕੋਲ ਪਿੰਡਾਂ ਵਿਚ ਬੂਥ ਲਗਾਉਣ ਲਈ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਹਨ ਅਤੇ ਭਾਜਪਾ ਇਨ੍ਹਾਂ ਚੋਣਾਂ ਵਿਚ ਜਿੱਤ ਪ੍ਰਾਪਤ ਕਰੇਗੀ | ਫ਼ਾਜ਼ਿਲਕਾ ਜ਼ਿਲੇ੍ਹ ਵਿਚ ਸੱਭ ਤੋਂ ਵੱਧ ਵੋਟ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਪਈ ਹੈ | ਉਨ੍ਹਾਂ ਨੇ ਕਿਹਾ ਕਿ ਭਾਜਪਾ ਵੱਲੋਂ ਜ਼ਿਲ੍ਹੇ ਵਿਚ 106 ਬਲਾਕ ਸੰਮਤੀ ਅਤੇ 16 ਜ਼ਿਲ੍ਹਾ ਪਰਿਸ਼ਦ ਸੀਟਾਂ 'ਤੇ ਚੋਣ ਲੜ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਭਾਜਪਾ ਲੋਕਾਂ ਦੀ ਆਵਾਜ਼ ਬਣ ਚੁੱਕੀ ਹੈ | ਉਨ੍ਹਾਂ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਨਬਜ਼ ਨੂੰ ਉਨ੍ਹਾਂ ਤੋਂ ਵੱਧ ਕੋਈ ਨਹੀਂ ਸਮਝ ਸਕਦਾ | ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਕਿਹਾ ਕਿ ਪੰਜਾਬ ਵਿਚ ਜੋ ਵੀ ਵਿਕਾਸ ਹੋ ਰਿਹਾ ਕੇਂਦਰ ਦੇ ਪੈਸੇ ਨਾਲ ਹੋ ਰਿਹਾ ਹੈ | ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਤੰਜ ਕਸਦਿਆਂ ਕਿਹਾ ਕਿ ਉਸ ਨੇ ਸਿਰਫ਼ ਚੁਟਕਲੇ ਸੁਣਾਏ ਹੈ ਚੁਟਕਲਿਆਂ ਤੋਂ ਸਿਵਾ ਕੁੱਝ ਵੀ ਨਹੀਂ ਕੀਤਾ ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਕਰਜ਼ੇ ਵਿਚ ਡੋਬਿਆ ਹੈ | ਕਾਕਾ ਕੰਬੋਜ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਯੂ ਪੀ ਵਿਚ ਜੇਕਰ ਗੁੰਡਾਗਰਦੀ ਅਤੇ ਗੈਂਗਸਟਰ ਰਾਜ ਖ਼ਤਮ ਕਰ ਸਕਦੀ ਹੈ ਤਾਂ ਪੰਜਾਬ ਜੋ ਯੂ ਪੀ ਤੋਂ ਕਿਤੇ ਛੋਟਾ ਹੈ, ਉੱਥੇ ਵੀ ਖ਼ਤਮ ਕਰ ਕੇ ਦਿਖਾਏਗੀ | ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |