ਫ਼ਿਰੋਜ਼ਪੁਰ, 22 ਦਸੰਬਰ (ਸੁਖਵਿੰਦਰ ਸਿੰਘ)-ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਸੂਬੇ ਭਰ ਵਿਚ ਕਾਸੋ ਸਰਚ ਆਪ੍ਰੇਸ਼ਨ ਚਲਾਏ ਜਾ ਰਹੇ ਹਨ | ਇਸ ਲੜੀ ਤਹਿਤ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਵੀ ਡੀ.ਆਈ.ਜੀ. ਸਨੇਹਦੀਪ ਸ਼ਰਮਾ, ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਅਤੇ ਡੀ.ਐੱਸ.ਪੀ. ਸਿਟੀ ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਭਾਰੀ ਪੁਲਿਸ ਫੋਰਸ ਨਾਲ ਜ਼ਿਲ੍ਹੇ ਦੀਆਂ 14 ਥਾਵਾਂ 'ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ | ਇਹ ਮੁਹਿੰਮ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵੀ ਚਲਾਈ ਗਈ | ਜਿਸ ਦੌਰਾਨ ਪੁਲਿਸ ਨੇ ਸਫਲਤਾ ਹਾਸਲ ਕਰਦੇ ਹੋਏ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 20.21 ਗਰਾਮ ਹੈਰੋਇਨ ਬਰਾਮਦ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਥਾਣਾ ਫ਼ਿਰੋਜ਼ਪੁਰ ਦੇ ਐੱਸ.ਐੱਚ.ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਪਾਰਟੀ ਵਲੋਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਕੋਲੋਂ 20.21 ਗਰਾਮ ਹੈਰੋਇਨ ਬਰਾਮਦ ਹੋਣ ਉਪਰੰਤ ਸਿਟੀ ਥਾਣਾ ਫ਼ਿਰੋਜ਼ਪੁਰ ਵਿਚ ਧਾਰਾ 27/61/85 ਐਨ.ਡੀ.ਪੀ.ਐੱਸ. ਐਕਟ ਨਾਨ ਕਮਰਸ਼ੀਅਲ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਐੱਸ.ਐੱਚ.ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਦੀ ਪਛਾਣ ਆਕਾਸ਼ਦੀਪ ਉਰਫ਼ ਅਮਨ ਕੋਡੀ ਪੁੱਤਰ ਸੁਰਜੀਤ ਵਾਸੀ ਜਨਤਾ ਪ੍ਰੀਤ ਨਗਰ, ਨਿਊ ਦਾਣਾ ਮੰਡੀ ਫ਼ਿਰੋਜ਼ਪੁਰ ਸ਼ਹਿਰ (5.13 ਗਰਾਮ ਹੈਰੋਇਨ), ਸੁਰਜੀਤ ਸਿੰਘ ਪੁੱਤਰ ਪੱਪੂ ਵਾਸੀ ਨਿਊ ਜਨਤਾ ਪ੍ਰੀਤ ਨਗਰ ਫ਼ਿਰੋਜ਼ਪੁਰ ਸ਼ਹਿਰ (5 ਗਰਾਮ ਹੈਰੋਇਨ) ਅਤੇ ਅਰਸ਼ਦੀਪ ਸਿੰਘ ਉਰਫ਼ ਟੋਨੀ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਮੁਹਕਮ ਖਾਂ ਵਾਲਾ, ਹਾਲ ਵਾਸੀ ਗੋਲਡਨ ਇਨਕਲੇਵ ਫ਼ਿਰੋਜ਼ਪੁਰ ਸ਼ਹਿਰ (10.8 ਗਰਾਮ ਹੈਰੋਇਨ) ਵਜੋਂ ਹੋਈ ਹੈ |