ਅਬੋਹਰ, 22 ਦਸੰਬਰ(ਸੁਖਜੀਤ ਸਿੰਘ ਬਰਾੜ)-ਮਾਲਵਾ ਕਾਲਜੀਏਟ ਸਕੂਲ ਪਿੰਡ ਬੁਰਜ ਮੁਹਾਰ ਦਾ ਸਾਲਾਨਾ ਸਭਿਆਚਾਰਕ ਸਮਾਰੋਹ ਯਾਦਗਾਰੀ ਹੋ ਨਿੱਬੜਿਆ | ਇਸ ਮੌਕੇ ਪਿ੍ੰਸੀਪਲ ਇਕਬਾਲ ਸਿੰਘ ਗੋਦਾਰਾ ਨੇ ਮੁੱਖ ਮਹਿਮਾਨ ਵਜੋਂ, ਬਜ਼ੁਰਗ ਖਿਡਾਰੀ ਗੁਲਸ਼ਿੰਦਰ ਸਿੰਘ, ਜਸਪਾਲ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਰੋਹ ਦੀ ਸ਼ੁਰੂਆਤ ਸ਼ਬਦ ਗਾਇਣ ਨਾਲ ਹੋਈ | ਸਕੂਲ ਕਮੇਟੀ ਦੇ ਪ੍ਰਬੰਧਕ ਮੈਡਮ ਪ੍ਰੀਤੀ ਸਿੱਧੂ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ | ਸਕੂਲ ਦੇ ਪਿ੍ੰਸੀਪਲ ਮਨਿੰਦਰ ਕੌਰ ਨੇ ਸਕੂਲ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ | ਇਸ ਦੌਰਾਨ ਵਿਦਿਆਰਥੀਆਂ ਵਲੋਂ ਨਾਚ, ਗੀਤ, ਨਾਟਕ, ਕੋਰੀਓਗ੍ਰਾਫ਼ੀ ਆਦਿ ਵੱਖ-ਵੱਖ ਪੇਸ਼ਕਾਰੀਆਂ ਪੇਸ਼ ਕਰ ਖ਼ੂਬ ਰੰਗ ਬੰਨ੍ਹੇ ਗਏ | ਇਸ ਦੌਰਾਨ ਪੰਜਾਬੀ ਸਭਿਆਚਾਰਕ ਦੀ ਝਲਕ ਪੇਸ਼ ਕਰਦੀ ਪ੍ਰਦਰਸ਼ਨੀ ਵੀ ਲਗਾਈ ਗਈ | ਸਕੂਲ ਕਮੇਟੀ ਦੇ ਚੇਅਰਮੈਨ ਪ੍ਰੋ.ਪ੍ਰੀਤਮ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਕੂਲ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |