ਫ਼ਾਜ਼ਿਲਕਾ, 22 ਦਸੰਬਰ (ਦਵਿੰਦਰ ਪਾਲ ਸਿੰਘ)-ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ 'ਤੇ ਨਵ-ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵੀਰ ਸਿੰਘ ਗੋਰਾ ਨੇ ਪਿੰਡ ਅਭੁੰਨ ਵਿਖੇ ਸਰਪੰਚ ਲਖਵਿੰਦਰ ਸਿੰਘ ਨੋਨਾ ਬਰਾੜ ਦੇ ਗ੍ਰਹਿ ਪਹੁੰਚ ਕੇ ਜਿੱਥੇ ਆਪਣੀ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਹਾਜ਼ਰ ਵੱਖ-ਵੱਖ ਪਤਵੰਤਿਆਂ ਨੂੰ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਉਹ ਪੂਰੀ ਤਰ੍ਹਾਂ ਤਨਦੇਹੀ ਨਾਲ ਕੰਮ ਕਰਨਗੇ ਅਤੇ ਲੋਕਾਂ ਦੀਆਂ ਜੋ ਵੀ ਸਮੱਸਿਆਵਾਂ ਹੋਣਗੀਆਂ ਉਨ੍ਹਾਂ ਨੂੰ ਦੂਰ ਕਰਾਉਣ ਵਿਚ ਹਰ ਸੰਭਵ ਯਤਨ ਕਰਨਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਉਪਕਾਰ ਸਿੰਘ ਜਾਖੜ ਨੇ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਪੰਚਾਇਤ ਸੰਮਤੀ 'ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅੰਦਰ ਭਾਰੀ ਜਿੱਤ ਇਹ ਦਰਸਾ ਦਿੱਤਾ ਹੈ ਕਿ ਲੋਕ ਸਿਰਫ਼ ਕੰਮਾਂ ਨੂੰ ਹੀ ਪਸੰਦ ਕਰਦੇ ਹਨ | ਉਨ੍ਹਾਂ ਕਿਹਾ ਕਿ 300 ਯੂਨਿਟ ਹਰ ਮਹੀਨੇ ਬਿਜਲੀ ਦੀ ਮੁਆਫ਼ੀ, ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ 'ਤੇ ਪੂਰੀ ਬਿਜਲੀ ਮਿਲੀ ਜੋ ਅੱਜ ਤੱਕ ਕੋਈ ਸਰਕਾਰ ਨਹੀਂ ਦੇ ਸਕੀ | ਉਨ੍ਹਾਂ ਕਿਹਾ ਕਿ ਅੱਜ ਹਸਪਤਾਲਾਂ ਦੇ ਪ੍ਰਬੰਧ ਦੇਖੇ | ਸਰਕਾਰੀ ਹਸਪਤਾਲਾਂ ਅੰਦਰ ਹਰ ਮਰੀਜ਼ ਨੂੰ ਮੁਫ਼ਤ ਦਵਾਈ ਮਿਲਦੀ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਅੰਦਰ ਝੂਠੇ ਪ੍ਰਚਾਰ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੂੰ ਮੂੰਹ ਦੀ ਖਾਣੀ ਪਵੇਗੀ | ਇਸ ਮੌਕੇ ਰਾਜਾ ਸਰਪੰਚ ਜੋੜਕੀ ਕੰਕਰ ਵਾਲੀ, ਲਾਲ ਸਿੰਘ ਸਰਪੰਚ ਪੱਟੀ ਪੂਰਨ, ਮਹਿੰਦਰ ਕੁਮਾਰ ਸਰਪੰਚ, ਗੁਰਜਿੰਦਰ ਸਿੰਘ, ਖੁਸ਼ਪ੍ਰੀਤ ਸਿੰਘ ਛਿੰਦਾ, ਮਨਜੀਤ ਸਿੰਘ ਬਰਾੜ, ਗੁਰਵੰਤ ਸਿੰਘ ਬਰਾੜ, ਗੁਰਪਾਲ ਸਿੰਘ, ਇਕਬਾਲ ਸਿੰਘ ਮਾਨ, ਕਿਸ਼ਨ ਲਾਲ, ਹਰਨੇਕ ਸਿੰਘ ਪੱਟੀ ਪੂਰਨ ਆਦਿ ਹਾਜ਼ਰ ਸਨ |