ਅੰਮਿ੍ਤਸਰ, 4 ਜੂਨ (ਹਰਮਿੰਦਰ ਸਿੰਘ)-ਸੰਤ ਮਿਸ਼ਰਾ ਸਿੰਘ ਕਾਲੋਨੀ, ਤਰਨ ਤਾਰਨ ਰੋਡ ਦੇ ਲੋਕ ਬੀਤੇ ਕਈ ਮਹੀਨਿਆਂ ਤੋਂ ਪੀਣ ਵਾਲੇ ਪਾਣੀ ਸੀਵਰੇਜ਼ ਦਾ ਗੰਦਾ ਪਾਣੀ ਮਿਲ ਕੇ ਆਉਣ ਦੀ ਸਮੱਸਿਆ ਨਾਲ ਜੂਝ ਰਹੇ ਹਨ | ਵਾਰ ਵਾਰ ਨਿਗਮ ਦਫ਼ਤਰ ਵਿਖੇ ਸ਼ਿਕਾਇਤਾਂ ਕਰਨ 'ਤੇ ਵੀ ਉਨ੍ਹਾਂ ਦੀ ਸਮੱਸਿਆ ਦਾ ਕੋਈ ਹਲ ਨਹੀਂ ਹੋ ਰਿਹਾ | ਇਸ ਸੰਬੰਧੀ ਇਲਾਕਾ ਨਿਵਾਸੀ ਜਤਿੰਦਰ ਸਿੰਘ, ਬਲਜੀਤ ਕੌਰ, ਅਮੀਰ ਸਿੰਘ ਬਿੱਟੂ, ਦਿਲਬਾਗ ਸਿੰਘ, ਪਿ੍ੰਸ, ਰਾਣੀ, ਤਾਰਾ ਰਾਣੀ, ਰਣਦੀਪ ਸਿੰਘ, ਲੱਕੀ, ਡਾਲੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿਚ ਸੀਵਰੇਜ਼ ਮਿਲਿਆ ਹੋਇਆ ਪਾਣੀ ਪੀਣ ਵਾਲੇ ਪਾਣੀ ਵਿਚ ਮਿਲ ਕੇ ਆ ਰਿਹਾ ਹੈ | ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਬਾਰ?ਬਾਰ ਸ਼ਿਕਾਇਤ ਕਰਨ 'ਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਇਲਾਕੇ ਨਾਲ ਸੰਬੰਧਿਤ ਕੌਂਸਲਰ ਨੂੰ ਵੀ ਮਿਲਿਆ ਗਿਆ ਸੀ ਪਰ ਉਨ੍ਹਾਂ ਵਲੋਂ ਸਿਰਫ ਭਰੋਸਾ ਹੀ ਦਿੱਤਾ ਗਿਆ, ਕੋਈ ਬਣਦੀ ਉਚਿਤ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ | ਇਲਾਕਾ ਨਿਵਾਸੀਆਂ ਕਿਹਾ ਕਿ ਹੁਣ ਤਾਂ ਹੱਦ ਹੋ ਗਈ ਹੈ ਪਾਣੀ 'ਚੋਂ ਸਪੋਲੀਏ, ਖਤਰਨਾਕ ਕਣ, ਛੋਟੇ-ਛੋਟੇ ਕੀੜੇ, ਨਿਕਲ ਰਹੇ ਹਨ ਅਤੇ ਪਾਣੀ 'ਚੋਂ ਗੰਦਗੀ ਦੀ ਬਦਬੂ ਆਉਂਦੀ ਹੈ | ਉਨ੍ਹਾਂ ਖਦਸ਼ਾ ਜ਼ਾਹਰ ਕਰਦੇ ਹੋਏ ਕਿਹਾ ਜਿਸ ਤਰ੍ਹਾਂ ਗਰਮੀ ਦਾ ਮੌਸਮ ਹੈ ਅਜਿਹੇ ਵਿਚ ਇਲਾਕੇ ਵਿਚ ਗੰਦੇ ਪਾਣੀ ਦੀ ਸਮੱਸਿਆ ਕਾਰਨ ਕੋਈ ਵੀ ਭਿਆਨਕ ਬਿਮਾਰੀ ਫੈਲ ਸਕਦੀ ਹੈ | ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਇਲਾਕਾ ਨਿਵਾਸੀਆਂ ਦੀਆਂ ਸਮੱਸਿਆ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਜਲਦ ਹੱਲ ਕੀਤਾ ਜਾਵੇ ਤੇ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਸ਼ਿਕਾਰ ਹੋਣ ਤੋਂ ਬਚਾਇਆ ਜਾਵੇ |