28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਰਾਵੀ ਨੇ ਪਲਾਂ 'ਚ ਕੱਖੋਂ ਹੌਲੇ ਕੀਤੇ ਸਰਹੱਦੀ ਲੋਕ

Ad Position 21
No active advertisement
ਅਜੀਤ ਡੈਸਕ 30-08-2025
ਅੰਮਿ੍ਤਸਰ, 29 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਭਾਰਤ ਪਾਕਿਸਤਾਨ ਦਰਮਿਆਨ ਵਗਦੇ ਰਾਵੀ ਦਰਿਆ 'ਚ ਆਇਆ ਹੜ੍ਹ ਅੰਮਿ੍ਤਸਰ, ਪਠਾਨਕੋਟ, ਗੁਰਦਾਸਪੁਰ, ਡੇਰਾ ਬਾਬਾ ਨਾਨਕ ਆਦਿ ਇਲਾਕਿਆਂ 'ਚ ਵੱਸਦੇ ਲੋਕਾਂ ਲਈ ਅਜਿਹਾ ਡਰਾਉਣਾ ਸੁਪਨਾ ਬਣ ਕੇ ਆਇਆ ਕਿ ਰਾਤ ਤੱਕ ਖੁਸ਼ਹਾਲ ਜਿੰਦਗੀ ਬਤੀਤ ਕਰਨ ਵਾਲੇ ਲੱਖਾਂ ਪਰਿਵਾਰ ਦਿਨ ਚੜ੍ਹਦਿਆਂ ਨੂੰ ਉਜੜ ਗਏ | ਇਕੱਲੇ ਅੰਮਿ੍ਤਸਰ ਜ਼ਿਲ੍ਹੇ ਦੇ ਹੀ 60 ਦੇ ਲਗਭਗ ਹੱਸਦੇ-ਵੱਸਦੇ ਪਿੰਡ ਇਨ੍ਹੀ ਦਿਨੀ ਹੜ੍ਹਾਂ ਦੀ ਡੂੰਘੀ ਮਾਰ ਹੇਠ ਹਨ, ਜਿਨ੍ਹਾਂ ਦਾ ਹਜਾਰਾਂ ਏਕੜ ਰਕਬਾ ਰਾਵੀ ਦੇ ਪਾਣੀ ਨੇ ਬੁਰੀ ਤਰ੍ਹਾਂ ਡੋਬ ਦਿੱਤਾ ਹੈ | ਚਾਹੇ ਖੇਤੀ ਦੀ ਗੱਲ ਹੋਵੇ ਜਾਂ ਫਿਰ 'ਰੈਣ ਬਸੇਰਿਆਂ' ਦੀ ਲੋਕਾਂ ਨੇ ਆਪਣੀ ਜਿੰਦਗੀ ਦੀ ਜਮ੍ਹਾਂ ਪੂੰਜੀ ਇਨ੍ਹਾਂ 'ਤੇ ਬੜੀ ਰੀਝ ਨਾਲ ਖਰਚੀ ਹੋਈ ਸੀ, ਜੋ ਪਲ ਭਰ 'ਚ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਨਾਸ਼ ਹੋ ਗਈ | ਰਾਵੀ ਦਰਿਆ ਦੇ ਬੰਨ੍ਹਾਂ 'ਚ ਪਾੜ ਪੈਣ ਨਾਲ ਪਾਣੀ ਇਨ੍ਹੀ ਤੇਜੀ ਨਾਲ ਪਿੰਡਾਂ 'ਚ ਦਾਖਲ ਹੋਇਆ ਕਿ ਮਾਲ-ਡੰਗਰ ਖੋਲ੍ਹਣ ਦਾ ਸਮਾਂ ਤਾਂ ਦੂਰ ਆਪਣੀ ਰੋਜ ਮਰ੍ਹਾ ਦੀ ਜਿੰਦਗੀ ਜਿਊਣ ਲਈ ਵੀ ਲੋਕ ਘਰ ਦਾ ਅਤੀ ਲੋੜੀਂਦਾਂ ਸਾਮਾਨ ਇਕੱਠਾ ਨਹੀਂ ਕਰ ਸਕੇ | ਇਸ ਦੌਰਾਨ ਲੋਕ ਜਿਥੇ ਵਾਹੋ-ਦਾਹੀ 'ਚ ਭਰੇ-ਭਰਾਏ ਘਰ ਬਿਨ੍ਹਾਂ ਜਿੰਦਰਿਆਂ ਤੋਂ ਛੱਡਕੇ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਭੱਜ ਨਿਕਲੇ ਉਥੇ ਹੀ ਬਹੁਤ ਸਾਰੇ ਲੋਕ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਗਏ, ਜਿਨ੍ਹਾਂ ਨੂੰ ਹੁਣ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਿਜਲੀ ਘਰਾਂ 'ਚ ਪਾਣੀ ਭਰ ਜਾਣ ਕਰਕੇ ਪਿੰਡਾਂ 'ਚ ਬਿਜਲੀ ਸਪਲਾਈ ਠੱਪ ਹੈ, ਪੀਣ ਵਾਲੇ ਪਾਣੀ ਦੀ ਵੱਡੀ ਕਿੱਲਤ ਪੈਦਾ ਹੋ ਗਈ ਹੈ | ਫੋਨ ਚਾਰਜ ਨਾ ਹੋਣ ਕਰਕੇ ਲੋਕਾਂ ਨਾਲੋਂ ਸੰਪਰਕ ਟੁੱਟ ਗਿਆ ਹੈ | ਜਹਿਰੀਲੇ ਜਾਨਵਰ ਪਾਣੀ 'ਚ ਤੈਰਦੇ ਹੋਏ ਦਿਖਾਈ ਦੇ ਰਹੇ ਹਨ | ਵੱਡੀ ਗਿਣਤੀ 'ਚ ਲੋਕਾਂ ਦਾ ਘਰੇਲੂ ਸਾਮਾਨ ਪਾਣੀ 'ਚ ਵਹਿ ਤੁਰਿਆ ਹੈ, ਪਸ਼ੂ ਲਾਪਤਾ ਅਤੇ ਖੇਤੀਬਾੜੀ ਸੰਦ ਪਾਣੀ ਦੀ ਭੇਟ ਚੜ੍ਹ ਗਏ ਹਨ | ਭਾਵੇਂ ਕਿ ਸਾਸ਼ਨ ਤੇ ਪ੍ਰਸ਼ਾਸ਼ਨ ਲਗਾਤਾਰ ਦਿਨ-ਰਾਤ ਪੂਰੀ ਸਰਗਰਮੀ ਨਾਲ ਲੋਕਾਂ ਦੀ ਮਦਦ 'ਚ ਜੁਟੇ ਹੋਏ ਹਨ ਪਰ ਰਾਵੀ ਨੇ ਉਕਤ ਇਲਾਕਿਆਂ ਨੂੰ ਅਜਿਹਾ ਝੰਬ ਸੁੱਟਿਆ ਹੈ ਕਿ ਇਨ੍ਹਾਂ ਲੋਕਾਂ ਨੂੰ ਮੁੜ ਪੈਰਾਂ ਸਿਰ ਸਥਾਪਿਤ ਹੋਣ ਲਈ ਕਈ ਸਾਲ ਲੱਗ ਜਾਣਗੇ | ਭਾਵੇਂ ਕਿ ਖੇਤਾਂ 'ਚ ਕੁਝ ਦਿਨਾਂ ਬਾਅਦ ਹੀ ਵੱਢਣ ਵਾਲੀ ਪੱਕੀ ਝੋਨੇ/ਬਾਸਮਤੀ ਦੀ ਫਸਲ ਨੂੰ ਹੜ੍ਹਾਂ ਨੇ ਬੁਰੀ ਤਰ੍ਹਾਂ ਤਬਾਹ ਕਰਕੇ ਰੱਖ ਦਿੱਤਾ ਹੈ ਪਰ ਇਸ ਮਾਰੂ ਪਾਣੀ ਨਾਲ ਪ੍ਰਭਾਵਿਤ ਹੋਏ ਖੇਤਾਂ 'ਚ ਅਗਲੀਆਂ ਫ਼ਸਲਾਂ ਦੀ ਪੈਦਾਵਾਰ ਲਈ ਆਪਣੀ ਜ਼ਮੀਨ ਨੂੰ ਮੁੜ ਤਿਆਰ ਕਰਨਾ ਕਿਸਾਨਾਂ ਲਈ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਰਾਵੀ ਦਾ ਪਾਣੀ ਆਪਣੇ ਨਾਲ ਦਰਿਆ ਦੀ ਭੱਲ, ਰੇਤਾ ਅਤੇ ਹੋਰ ਕਈ ਪ੍ਰਕਾਰ ਦੇ ਕੱਖ-ਕਣ ਇਨ੍ਹਾਂ ਖੇਤਾਂ 'ਚ ਲੈ ਆਇਆ ਹੈ, ਜੋ ਖੇਤੀ ਲਈ ਬੇਹੱਦ ਘਾਤਕ ਹਨ | ਇਨ੍ਹਾਂ ਜਮੀਨਾਂ ਨੂੰ ਮੁੜ ਉਪਜਾਊ ਬਣਾਉਣ ਲਈ ਸਖਤ ਮਿਹਨਤ, ਸਮਾਂ ਅਤੇ ਪੈਸਾ ਵੱਡੇ ਪੱਧਰ 'ਤੇ ਖਰਚ ਹੋਵੇਗਾ | ਪਸ਼ੂ ਦਾ ਸੁੱਕਾ ਅਤੇ ਹਰਾ ਚਾਰਾ ਪਾਣੀ ਨੇ ਤਬਾਹ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਰਾਵੀ ਦਾ ਖਤਰਾ ਅਜੇ ਵੀ ਬਣਿਆ ਹੋਇਆ ਅਤੇ ਪਾਣੀ ਦਾ ਪੱਧਰ ਲਗਾਤਾਰ ਵੱਧਣ ਕਰਕੇ ਹੜ੍ਹਾਂ ਦੀ ਮਾਰ ਵਾਲੇ ਪਿੰਡਾਂ ਦੀ ਗਿਣਤੀ ਨਿਰੰਤਰ ਵੱਧਦੀ ਜਾ ਰਹੀ ਹੈ | ਰਾਹਤ ਕਾਰਜਾਂ 'ਚ ਤੇਜੀ ਲਿਆਉਣ ਲਈ ਹੁਣ ਫੌਜ ਨੇ ਮੋਰਚਾ ਸੰਭਾਲ ਲਿਆ ਹੈ ਪਰ ਮੌਜੂਦਾ ਹਾਲਾਤਾਂ ਅਨੁਸਾਰ ਅਜੇ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਹੈ ਅਤੇ ਹੁਣ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਵੀ ਸਤਾਉਣ ਲੱਗਾ ਹੈ |
Ad Position 22
No active advertisement
ਪਿਛਲੀ ਖ਼ਬਰ ਅਮਰੀਕਾ 'ਚ ਸੜਕ 'ਤੇ ਗਤਕਾ ਖੇਡ ਰਹੇ ਵਿਅਕਤੀ ਨੂੰ ਪੁਲਿਸ ਨੇ ਮਾਰੀ ਗੋਲੀ <br/> ਅਗਲੀ ਖ਼ਬਰ ਮੋਦੀ ਸਰਕਾਰ ਬਿਨਾਂ ਕਿਸੇ ਵਿਚੋਲਗੀ ਦੇ ਪੰਜਾਬ ਵਾਸੀਆਂ ਦੀ ਹਰ ਮਦਦ ਲਈ ਤਿਆਰ-ਸੁਨੀਲ ਜਾਖੜ ਹੜ੍ਹ ਪ੍ਰਭਾਵਿਤ ਪੰਜਾਬੀਆਂ...
Ad Position 24