ਰਾਜਾਸਾਂਸੀ, 1 ਸਤੰਬਰ (ਹਰਦੀਪ ਸਿੰਘ ਖੀਵਾ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਜਾਲਮ ਮੱਸੇ ਰੰਗੜ ਦਾ ਸਿਰ ਵੱਢਣ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਮਹਿਤਾਬ ਭੰਗੂ ਮੀਰਾਂਕੋਟ, ਸ਼ਹੀਦ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ, ਚੌਧਰੀ ਬਾਬਾ ਨੱਥਾ ਖਹਿਰਾ ਅਤੇ ਹੋਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪਿੰਡ ਮੀਰਾਂਕੋਟ ਵਿਖੇ ਸੁਸ਼ੋਭਿਤ ਇਤਿਹਾਸਕ ਗੁਰਦੁਆਰਾ ਮਲ੍ਹਾ ਸਾਹਿਬ ਮੀਰਾਂਕੋਟ ਦਾ ਸ਼ਹੀਦੀ ਜੋੜ ਮੇਲਾ 5 ਤੇ 6 ਸਤੰਬਰ ਨੂੰ ਪਿੰਡ ਦੀ ਸਮੁੱਚੀ ਸੰਗਤ, ਸਮੂਹ ਇਲਾਕਾ ਨਿਵਾਸੀਆਂ ਅਤੇ ਐੱਨ. ਆਰ. ਆਈ. ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਮਨਾਇਆ ਜਾ ਰਿਹਾ | ਉਕਤ ਸ਼ਹੀਦੀ ਜੋੜ ਮੇਲੇ ਸੰਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 1 ਸਤੰਬਰ ਤੋਂ ਸ੍ਰੀ ਅਖੰਡ ਪਾਠ ਸਾਹਿਬਾਨ ਦੀ ਲੜੀ ਆਰੰਭ ਹੋ ਚੁੱਕੀ, ਜਿਸ ਦੇ 5 ਸਤੰਬਰ ਨੂੰ ਭੋਗ ਪਾਏ ਜਾਣਗੇ ਤੇ ਭੋਗ ਉਪਰੰਤ ਖੁੱਲੇ ਪੰਡਾਲ 'ਚ ਧਾਰਮਿਕ ਦੀਵਾਨ ਸਜਾਏ ਜਾਣਗੇ | ਜਿਸ ਵਿਚ ਸਿੱਖ ਕੌਮ ਦੇ ਮਹਾਨ ਰਾਗੀ ਢਾਡੀ ਤੇ ਕਵੀਸ਼ਰ ਹਾਜ਼ਰੀ ਭਰਨਗੇ | ਇਸ ਦੌਰਾਨ ਕਮੇਟੀ ਸੇਵਾਦਾਰਾਂ 'ਚ ਕੇਵਲ ਸਿੰਘ ਹੇਰ, ਲਖਵਿੰਦਰ ਸਿੰਘ ਭੰਗੂ, ਬਲਗੇਰ ਸਿੰਘ ਭੰਗੂ, ਗੁਰਮੁਖ ਸਿੰਘ ਮੀਰਾਂਕੋਟ, ਸੁਖਜਿੰਦਰ ਸਿੰਘ ਢਿੱਲੋਂ, ਡਾ. ਗੁਰਨਾਮ ਸਿੰਘ ਭੰਗੂ, ਦਵਿੰਦਰ ਸਿੰਘ ਹੇਰ, ਟਹਿਲ ਸਿੰਘ ਭੰਗੂ, ਪਲਵਿੰਦਰ ਸਿੰਘ ਹੇਰ, ਗੁਰਮੀਤ ਸਿੰਘ, ਜਗਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਧਾਰਮਿਕ ਜੋੜ ਮੇਲੇ ਦੇ ਦੂਸਰੇ ਦਿਨ ਦੀਵਾਨ ਦੀ ਸਮਾਪਤੀ ਤੋਂ ਬਾਅਦ ਕਬੱਡੀ ਮੈਚ ਕਰਵਾਏ ਜਾਂਦੇ ਹਨ, ਇਹ ਕਬੱਡੀ ਮੈਚਾਂ ਦਾ ਪੋ੍ਰਗਰਾਮ, 6 ਸਤੰਬਰ ਸ਼ਾਮ ਨੂੰ ਉਲੀਕਿਆ ਗਿਆ ਸੀ | ਉਕਤ ਸੇਵਾਦਾਰਾਂ ਨੇ ਦੱਸਿਆ ਕਿ ਪੰਜਾਬ ਦੇ ਕਰੀਬ 7 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠਾਂ ਆ ਗਏ ਹਨ | ਇਸ ਸੰਬੰਧੀ ਪਿੰਡ ਦੇ ਵੱਖ-ਵੱਖ ਦੇਸ਼ਾਂ ਵਿਚ ਰਹਿ ਰਹੇ ਪ੍ਰਵਾਸੀ ਵੀਰਾਂ ਤੇ ਸਮੁੱਚੀਆਂ ਸੰਗਤਾਂ ਨਾਲ ਸਲਾਹ ਮਸ਼ਵਰੇ ਉਪਰੰਤ ਗੁ ਮਲ੍ਹਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ 'ਤੇ ਫ਼ੈਸਲਾ ਲੈਂਦਿਆਂ 6 ਸਤੰਬਰ ਨੂੰ ਕਰਵਾਏ ਜਾਣ ਵਾਲੇ ਕਬੱਡੀ ਮੈਚ ਰੱਦ ਕਰ ਦਿੱਤੇ ਹਨ ਅਤੇ ਇਨ੍ਹਾਂ ਮੈਚਾਂ 'ਤੇ ਖਰਚ ਕੀਤੀ ਜਾਣ ਵਾਲੀ ਰਕਮ ਹੜ੍ਹ ਪੀੜਤਾਂ ਦੀ ਸਹਾਇਤਾ ਤੇ ਮੁੜ ਵਸੇਬੇ ਲਈ ਵਰਤੋਂ ਵਿਚ ਲਿਆਂਦੀ ਜਾਵੇਗੀ |