ਅੰਮਿ੍ਤਸਰ,2 ਸਤੰਬਰ (ਹਰਮਿੰਦਰ ਸਿੰਘ)-ਇੰਡਕ ਆਰਟਸ ਵੈਲਫ਼ੇਅਰ ਕੌਂਸਲ ਦੀ ਸਾਹਿਤ ਅਤੇ ਭਾਸ਼ਾ ਸੈੱਲ ਦੀ ਅੰਮਿ੍ਤਸਰ ਇਕਾਈ ਦਾ ਤਾਜਪੋਸ਼ੀ ਤੇ ਡਾ: ਦੇਵਿੰਦਰ ਸੈਫ਼ੀ ਦਾ ਰੂ-ਬ-ਰੂ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਇੰਡਕ ਆਰਟਸ ਕੌਂਸਲ ਦੇ ਡਾਇਰੈਕਟਰ ਪ੍ਰੋ: ਭੋਲਾ ਯਮਲਾ ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਸ਼ਾਇਰ, ਲੇਖਕ ਤੇ ਚਿੰਤਕ ਡਾ: ਦੇਵਿੰਦਰ ਸੈਫ਼ੀ ਨੇ ਕੀਤੀ | ਪ੍ਰੋਗਰਾਮ ਦਾ ਆਗਾਜ ਬਾਲ ਲੋਕ ਗਾਇਕ ਅਰਮਾਨਬੀਰ ਸਿੰਘ ਦੇ ਧਾਰਮਿਕ ਗੀਤ ਨਾਲ ਕੀਤਾ ਗਿਆ | ਉਪਰੰਤ ਲੋਕ ਗਾਇਕਾ ਜਸਪ੍ਰੀਤ ਕੌਰ ਨੇ ਆਪਣੀ ਸੁਰੀਲੀ ਆਵਾਜ਼ 'ਚ ਡਾ. ਸੈਫੀ ਦੀਆਂ ਰਚਨਾਵਾਂ ਗਾ ਕੇ ਦਰਸ਼ਕਾਂ ਨੂੰ ਮੰਤਰ ਮੁਕਤ ਕਰ ਦਿੱਤਾ | ਇਸ ਉਪਰੰਤ ਡਾ: ਸੈਫ਼ੀ ਨੇ ਰੂਬਰੂ ਹੁੰਦਿਆਂ ਆਪਣੇ ਜੀਵਨ, ਸਾਹਿਤ, ਆਲੋਚਨਾ, ਫ਼ਿਲਾਸਫ਼ੀ ਬਾਰੇ ਚਾਣਨਾ ਪਾਇਆ ਅਤੇ ਆਪਣੀਆਂ ਚੋਣਵੀਆਂ ਕਵਿਤਾਵਾਂ ਰਾਹੀਂ ਵਾਹ-ਵਾਹ ਖੱਟੀ | ਫਾਊਾਡਰ ਡਾਇਰੈਕਟਰ ਬਾਈ ਭੋਲਾ ਯਮਲਾ ਵਲੋਂ ਆਪਣੇ ਇੰਡਕ ਆਰਟਸ ਵੈਲਫੇਅਰ ਕੌਂਸਲ ਬਾਰੇ ਰੋਸ਼ਨੀ ਪਾਈ | ਵਿਸ਼ੇਸ਼ ਮਹਿਮਾਨਾਂ ਵਜੋਂ ਮੰਚ ਤੇ ਪਰਮਿੰਦਰ ਕੌਰ, ਡਾ: ਗਗਨ, ਜਸਬੀਰ ਸਿੰਘ ਝਬਾਲ, ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਐੱਸ. ਪਰਸ਼ੋਤਮ , ਭੁਪਿੰਦਰ ਸਿੰਘ ਸੰਧੂ, ਬਿਰਾਜਮਾਨ ਸਨ | ਜ਼ਿਲ੍ਹਾ ਪ੍ਰਧਾਨ ਰਾਜਬੀਰ ਕੌਰ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਸਤਬੀਰ ਸਿੰਘ, ਡਾ: ਨਿਰਮ ਜੋਸਨ ਤੇ ਪ੍ਰਬੰਧਕੀ ਟੀਮ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਡਾ: ਦੇਵਿੰਦਰ ਸੈਫ਼ੀ ਨੂੰ 'ਹਰਫਾਂ ਦਾ ਜਾਦੂਗਰ' ਸਨਮਾਨ ਪੱਤਰ ਤੇ ਮਝੈਲਾਂ ਦੀ ਸੱਥ ਦੇ ਪ੍ਰਧਾਨ ਡਾ: ਗਗਨ ਤੇ ਮਨਦੀਪ ਬੋਪਾਰਾਏ ਵਲੋਂ ਸਨਮਾਨਿਤ ਕੀਤਾ ਗਿਆ | ਸਤਬੀਰ ਸਿੰਘ ਨੂੰ ਸੇਵਾ-ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਡਾ: ਨਿਰਮ ਜੋਸਨ ਤੇ ਪ੍ਰੋ: ਮਨਦੀਪ ਬਲ ਨੇ ਕੀਤਾ | ਸਤਬੀਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ |