ਅੰਮਿ੍ਤਸਰ, 4 ਸਤੰਬਰ (ਜਸਵੰਤ ਸਿੰਘ ਜੱਸ)-ਨਵੇਂ ਸ਼ੋ੍ਰਮਣੀ ਅਕਾਲੀ ਦਲ ਦੀ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ ਵਲੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂੁ ਬਾਪੂ ਤਰਸੇਮ ਸਿੰਘ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਨਾਲ ਮਿਲ ਕੇ ਬੀਤੇ ਕੱਲ੍ਹ ਅਤੇ ਅੱਜ ਪੰਜਾਬ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ | ਬੀਬੀ ਸਤਵੰਤ ਕੌਰ ਨੇ ਕਿਹਾ ਕਿ ਇਸ ਔਖੀ ਘੜੀ ਜਦੋਂ ਕੁਦਰਤ ਦੀ ਤ੍ਰਾਸਦੀ ਸਿਖਰ 'ਤੇ ਹੈ, ਉਸ ਵੇਲੇ ਪੰਜਾਬੀਆਂ ਦਾ ਇਤਫ਼ਾਕ ਅਤੇ ਇਕਜੁਟਤਾ ਪੰਜਾਬ ਲਈ ਸ਼ੁੱਭ ਸ਼ਗਨ ਹੈ | ਅੱਜ ਪੰਜਾਬ ਦੇ ਨੌਜਵਾਨਾਂ ਨੇ ਸੇਵਾ ਵਿਚ ਜੁਟ ਕੇ ਸਿਆਸੀ ਆਗੂਆਂ ਨੂੰ ਜਵਾਬ ਦੇ ਦਿੱਤਾ ਹੈ ਕਿ ਇਹ 'ਉੱਡਦਾ ਪੰਜਾਬ' ਨਹੀਂ ਸਗੋ 'ਸੰਭਲਿਆ ਹੋਇਆ ਪੰਜਾਬ' ਹੈ, ਜਿਹੜਾ ਗੁਰੂਆਂ ਦੇ ਨਾਮ 'ਤੇ ਜਿਉਂਦਾ ਹੈ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਅੱਠ ਜ਼ਿਲਿ੍ਹਆਂ ਵਿਚ ਪਾਣੀ ਦੇ ਹੜ੍ਹ ਦੇ ਨਾਲ ਹੀ ਸੜਕਾਂ 'ਤੇ ਸੇਵਾ ਭਾਵਨਾ ਦਾ ਹੜ੍ਹ ਵੀ ਵਹਿ ਰਿਹਾ ਹੈ | ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਅੱਜ ਪੰਜਾਬ ਨੇ ਰਾਜਨੀਤੀ ਤੋਂ ਉਪਰ ਉੱਠ ਕੇ ਵੱਡਾ ਸੁਨੇਹਾ ਦਿੱਤਾ ਹੈ ਕਿ ਸਿਆਸੀ ਤੌਰ 'ਤੇ ਕਦੇ ਵੀ ਪੰਜਾਬ 'ਚ ਵੰਡੀਆਂ ਨਹੀਂ ਪਵਾਈਆਂ ਜਾ ਸਕਦੀਆਂ | ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਕੇਂਦਰ ਸਰਕਾਰ ਫੌਰੀ ਵਿੱਤੀ ਮਦਦ ਦਾ ਐਲਾਨ ਕਰੇ | ਇਸ ਕੁਦਰਤੀ ਆਫ਼ਤ ਦੇ ਨੁਕਸਾਨ ਦੀ ਭਰਪਾਈ ਅਗਲੇ ਕਈ ਸਾਲਾਂ ਤੱਕ ਵੀ ਹੋਣਾ ਮੁਸ਼ਕਿਲ ਹੈ | ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਕੇਂਦਰ ਸਰਕਾਰ ਖਡੂਰ ਸਾਹਿਬ ਤੋਂ ਸਾਂਸਦ ਅੰਮਿ੍ਤਪਾਲ ਸਿੰਘ ਨੂੰ ਆਪਣੇ ਸੰਸਦੀ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਪੈਰੋਲ ਦੀ ਇਜਾਜ਼ਤ ਦਿੰਦੀ | ਜਥੇਦਾਰ ਇਕਬਾਲ ਸਿੰਘ ਝੂੰਦਾਂ ਵਲੋਂ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹੜ੍ਹਾਂ ਦੀ ਮਾਰ ਕਾਰਣ ਕਿਸਾਨਾਂ ਦੇ ਖੇਤਾਂ ਵਿਚ ਕਈ ਕਈ ਫੁੱਟ ਰੇਤ ਜਮ੍ਹਾਂ ਹੋ ਚੁੱਕਾ ਹੈ, ਇਸ ਲਈ ਜਿਵੇਂ ਹੀ ਪਾਣੀ ਸੁੱਕੇਗਾ ਤਾਂ ਇਨ੍ਹਾਂ ਪ੍ਰਭਾਵਿਤ ਕਿਸਾਨਾਂ ਦੀ ਮਦਦ ਲਈ ਆਪੋ ਆਪਣੇ ਟਰੈਕਟਰਾਂ ਨਾਲ ਸੇਵਾ ਵਿਚ ਜ਼ਰੂਰ ਆਉਣਾ | ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਪ੍ਰਤੀ ਏਕੜ ਵੱਧ ਤੋਂ ਵੱਧ ਡੀਜ਼ਲ 'ਤੇ ਸੌ ਫ਼ੀਸਦੀ ਸਬਸਿਡੀ ਦਾ ਐਲਾਨ ਜ਼ਰੂਰ ਕਰੇ | ਜਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਇਲਾਕਾ ਜ਼ਿਲ੍ਹਾ ਗੁਰਦਾਸਪੁਰ ਹੈ ਤੇ ਹੜ੍ਹਾਂ ਦੀ ਮਾਰ ਨੇ ਇਸ ਜ਼ਿਲੇ੍ਹੇ ਨੂੰ ਵੱਡੀ ਆਰਥਿਕ ਸੱਟ ਮਾਰੀ ਹੈ | ਸਿੱਖ ਲੀਡਰਸ਼ਿਪ ਵਲੋਂ ਅਜਨਾਲਾ, ਹਰੀਕੇ, ਤਰਨਤਾਰਨ, ਧਰਮਕੋਟ, ਫਿਰੋਜ਼ਪੁਰ, ਫਾਜ਼ਿਲਕਾ, ਸੁਲਤਾਨਪੁਰ ਲੋਧੀ, ਕਲਾਨੌਰ ਵਿਖੇ ਚਲ ਰਹੇ ਰਾਹਤ ਕੈਂਪਾਂ ਦਾ ਦੌਰਾ ਕੀਤਾ ਗਿਆ ਤੇ ਉਨ੍ਹਾਂ ਕਈ ਰਾਹਤ ਕੈਂਪਾਂ ਵਿਚ ਜ਼ਰੂਰੀ ਵਰਤੋਂ ਦਾ ਸਾਮਾਨ ਪੁੱਜਦਾ ਕੀਤਾ |
ਨਵੇਂ ਅਕਾਲੀ ਦਲ ਵਲੋਂ ਜਾਰੀ ਸੂਚਨਾ ਅਨੁਸਾਰ ਵਿਧਾਇਕ ਇਯਾਲੀ ਵਲੋਂ ਪਾਰਟੀ ਦੇ ਰਾਹਤ ਕੈਂਪਾਂ ਲਈ ਜ਼ਰੂਰੀ ਵਸਤਾਂ ਦੀ ਸੇਵਾ ਸੰਭਾਲੀ ਜਾ ਰਹੀ ਹੈ | ਇਸ ਵਕਤ ਦੋ ਦਰਜਨ ਤੋਂ ਵੱਧ ਪੱਕੇ ਰਾਹਤ ਕੈਂਪ ਚਲਾਏ ਜਾ ਰਹੇ ਹਨ |
ਨਵੇਂ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਆਗੂੁਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ
ਅਜੀਤ ਡੈਸਕ
05-09-2025