ਅੰਮਿ੍ਤਸਰ, 5 ਸਤੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਪੰਜਾਬ ਅੰਦਰ ਮੌਜੂਦਾ ਹੜ੍ਹ ਦੀ ਸਥਿਤੀ ਦੇ ਚੱਲਦਿਆਂ ਅਨੇਕਾਂ ਸੰਸਥਾਵਾਂ ਵਲੋਂ ਵੱਡੇ ਪੱਧਰ 'ਤੇ ਸੇਵਾ ਕਾਰਜ ਤੇ ਰਾਹਤ ਸਮੱਗਰੀ ਲੋਕਾਂ ਤੱਕ ਪੁੱਜਦੀ ਕਰਕੇ ਚੜ੍ਹਦੀ ਕਲਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਇਹੀ ਗੁਰੂ ਸਾਹਿਬਾਨ ਦੇ ਨਾਮ ਉੱਤੇ ਵੱਸਦੀ ਪੰਜਾਬ ਦੀ ਧਰਤੀ ਦੀ ਵਿਸ਼ੇਸ਼ਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੜ੍ਹ ਨੇ ਲੋਕਾਂ ਦੇ ਘਰਾਂ, ਫਸਲਾਂ, ਮਾਲ ਡੰਗਰਾਂ ਤੇ ਖੇਤੀਬਾੜੀ ਮਸ਼ੀਨਰੀ ਦਾ ਕਾਫ਼ੀ ਨੁਕਸਾਨ ਕੀਤਾ ਹੈ ਅਤੇ ਹੜ੍ਹ ਦਾ ਪਾਣੀ ਉਤਰਨ ਮਗਰੋਂ ਅਗਾਂਹ ਹੁਣ ਲੰਮੇ ਸਮੇਂ ਤੱਕ ਪ੍ਰਭਾਵਿਤ ਲੋਕਾਂ ਤੇ ਲੋੜ੍ਹਵੰਦਾਂ ਲਈ ਰਾਹਤ ਕਾਰਜਾਂ ਤੇ ਸਿਹਤ ਸੇਵਾਵਾਂ ਦੀ ਵਧੇਰੀ ਜ਼ਰੂਰਤ ਪੈਣੀ ਹੈ | ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਕੁਝ ਅਣਸੁਖਾਵੀਂਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਅਤੇ ਸੇਵਾਵਾਂ ਕਰਨ ਵਾਲੀਆਂ ਸੰਸਥਾਵਾਂ ਦੇ ਵਲੰਟੀਅਰਾਂ ਨਾਲ ਵੀ ਧੱਕਸ਼ਾਹੀ ਕੀਤੀ ਗਈ ਹੈ, ਜੋ ਕਿ ਪੰਜਾਬ ਦਾ ਸੁਭਾਅ ਨਹੀਂ ਹੈ | ਜਥੇਦਾਰ ਗੜਗੱਜ ਨੇ ਕਿਹਾ ਕਿ ਹੁਣ ਵੀ ਸੰਸਥਾਵਾਂ ਦੇ ਨਾਲ-ਨਾਲ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਪੱਛਮੀ ਤੇ ਤਰਾਈ ਖੇਤਰ ਤੋਂ ਵੱਡੀ ਮਾਤਰਾ ਵਿਚ ਰਾਹਤ ਸਮੱਗਰੀ ਪੰਜਾਬ ਅੰਦਰ ਪੁੱਜ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਕੋਈ ਯੋਜਨਾਬੰਦੀ ਅਤੇ ਸੰਗਠਿਤ ਪ੍ਰਬੰਧ ਨਾ ਹੋਣ ਕਾਰਨ, ਰਾਹਤ ਸਮੱਗਰੀ ਲੋੜ੍ਹਵੰਦਾਂ ਤੱਕ ਨਾ ਪਹੁੰਚਣ ਅਤੇ ਲੋਕਾਂ ਦਾ ਦਸਵੰਧ ਵਿਅਰਥ ਜਾਣ ਦੀ ਵੱਡੀ ਚਿੰਤਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸੰਸਥਾਵਾਂ ਕੋਲ ਵਾਧੂ ਰਾਹਤ ਸਮੱਗਰੀ ਹੈ, ਤਾਂ ਉਸ ਨੂੰ ਸੰਬੰਧਿਤ ਇਲਾਕੇ ਵਿਚ ਪੈਂਦੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਅਤੇ ਹੋਰ ਸਥਾਨਕ ਪ੍ਰਬੰਧਾਂ ਵਾਲੇ ਗੁਰਦੁਆਰਾ ਸਾਹਿਬਾਨ ਵਿਚ ਜਮ੍ਹਾਂ ਕਰ ਲਿਆ ਜਾਵੇ, ਤਾਂ ਜੋ ਸਮੱਗਰੀ ਸੁਰੱਖਿਅਤ ਰਹੇ ਅਤੇ ਲੋੜ ਪੈਣ 'ਤੇ ਉਸ ਦੀ ਸਾਰਥਿਕ ਵਰਤੋਂ ਕਰ ਲਈ ਜਾਵੇ |