ਅੰਮਿ੍ਤਸਰ, 5 ਸਤੰਬਰ (ਰੇਸ਼ਮ ਸਿੰਘ)-ਪਹਾੜੀ ਇਲਾਕਿਆਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤਕ ਪੰਜਾਬ ਅਤੇ ਕਈ ਉੱਤਰੀ ਰਾਜ ਹੜ੍ਹਾਂ ਦੀ ਲਪੇਟ ਵਿਚ ਹਨ | ਪੰਜਾਬ ਦੇ ਕਈ ਪਿੰਡ ਪਾਣੀ 'ਚ ਡੁੱਬ ਗਏ ਫਸਲਾਂ ਤਬਾਹ ਹੋ ਗਈਆਂ ਪਸ਼ੂਆਂ ਅਤੇ ਹੋਰ ਜੀਵ ਜੰਤੂਆਂ ਦਾ ਭਾਰੀ ਨੁਕਸਾਨ ਹੋਇਆ ਅਤੇ ਬਹੁਤ ਸਾਰੇ ਲੋਕ ਬੇਘਰ ਹੋ ਗਏ ਹਨ | ਇਸ ਮਨੁੱਖੀ ਸੰਕਟ ਦੇ ਚਲਦਿਆਂ ਉੱਪਲ ਨਿਊਰੋ ਹਸਪਤਾਲ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਦਮ ਚੁੱਕੇ ਹਨ | ਹਸਪਤਾਲ ਦੀ ਟੀਮ ਰਮਦਾਸ ਨੇੜੇ ਪਿੰਡ ਘੋਨੇਵਾਲ ਵਿਖੇ ਲੋਕਾਂ ਨੂੰ ਮੁੱਢਲੀ ਸਹਾਇਤਾ ਦੀਆਂ ਮੈਡੀਕਲ ਕਿੱਟਾਂ ਵੰਡ ਰਹੀ ਹੈ | ਇਨ੍ਹਾਂ ਕਿੱਟਾਂ ਵਿਚ ਜ਼ਰੂਰੀ ਦਵਾਈਆਂ ਮੁੱਢਲੀ ਸਹਾਇਤਾ ਸਮੱਗਰੀ ਅਤੇ ਸਫਾਈ ਨਾਲ ਸੰਬੰਧਤ ਵਸਤੂਆਂ ਸ਼ਾਮਲ ਹਨ, ਤਾਂ ਜੋ ਬਿਮਾਰੀਆਂ ਨੂੰ ਰੋਕਿਆ ਜਾ ਸਕੇ | ਉੱਪਲ ਨਿਊਰੋ ਹਸਪਤਾਲ ਦੇ ਸੰਸਥਾਪਕ ਡਾ. ਅਸ਼ੋਕ ਉੱਪਲ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ, ਉੱਪਲ ਨਿਊਰੋ ਹਸਪਤਾਲ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ | ਸਾਡੀ ਕੋਸ਼ਿਸ਼ ਹੈ ਕਿ ਇਸ ਆਫ਼ਤ ਦੌਰਾਨ ਪ੍ਰਭਾਵਿਤ ਪਰਿਵਾਰਾਂ ਨੂੰ ਸਮੇਂ ਸਿਰ ਮੁੱਢਲੀ ਡਾਕਟਰੀ ਸਹਾਇਤਾ ਮਿਲ ਸਕੇ | ਸਾਡੀ ਟੀਮ ਲਗਾਤਾਰ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਰਹੇਗੀ |