ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)-ਅੱਜ ਤੋਂ ਪੂਰੇ 60 ਸਾਲ ਪਹਿਲਾਂ ਸੰਨ 1965 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਪਾਕਿਸਤਾਨੀ ਹਵਾਈ ਫ਼ੌਜ ਵਲੋਂ ਅੰਮਿ੍ਤਸਰ ਦੇ ਛਿਹਰਟਾ 'ਚ ਕੀਤੇ ਕਾਇਰਤਾਪੂਰਨ ਹਵਾਈ ਹਮਲੇ ਦੌਰਾਨ 52 ਲੋਕ ਮਾਰੇ ਗਏ ਸਨ | ਜਿਨ੍ਹਾਂ 'ਚ 4 ਬੱਚੇ ਅਤੇ 7 ਔਰਤਾਂ ਵੀ ਸ਼ਾਮਿਲ ਸਨ | ਪਾਕਿਸਤਾਨੀ ਹਵਾਈ ਫ਼ੌਜ ਨੇ ਇਹ ਜ਼ਬਰਦਸਤ ਧਮਾਕਾ ਛੇਹਰਟਾ ਦੇ ਪ੍ਰਤਾਪ ਬਾਜ਼ਾਰ 'ਚ 22 ਸਤੰਬਰ 1965 ਨੂੰ ਆਪਣੇ ਤਤਕਾਲੀ ਰਾਸ਼ਟਰਪਤੀ ਅਯੂਬ ਖ਼ਾਨ ਵਲੋਂ ਸੰਯੁਕਤ ਰਾਸ਼ਟਰ ਨਾਲ ਜੰਗਬੰਦੀ ਨੂੰ ਸਵੀਕਾਰ ਕਰਨ ਦੇ 12 ਘੰਟੇ ਬਾਅਦ ਕੀਤਾ ਸੀ | ਇਸ ਹਮਲੇ ਦੇ ਦੋ ਸਾਲ ਬਾਅਦ ਬੰਬਾਂ ਨਾਲ ਮਾਰੇ ਗਏ ਲੋਕਾਂ ਦੀ ਯਾਦ 'ਚ ਸੰਨ 1967 'ਚ ਛੇਹਰਟਾ ਦੀ ਮਿਊਾਸੀਪਲ ਕਮੇਟੀ (ਹੁਣ ਅੰਮਿ੍ਤਸਰ ਨਗਰ ਨਿਗਮ ਦਾ ਹਿੱਸਾ) ਵਲੋਂ ਪ੍ਰਤਾਪ ਬਾਜ਼ਾਰ 'ਚ ਕਮਿਊਨਿਟੀ ਸੈਂਟਰ ਉਸਾਰਿਆ ਗਿਆ | ਬਾਅਦ 'ਚ ਇਸ ਨੂੰ ਰੈਣ-ਬਸੇਰਾ 'ਚ ਤਬਦੀਲ ਕਰ ਦਿੱਤਾ ਗਿਆ | ਲੰਬੇ ਸਮੇਂ ਤੋਂ ਬੰਦ ਪਏ ਕਮਿਊਨਿਟੀ ਹਾਲ ਬਨਾਮ ਨਾਈਟ ਸ਼ੈਲਟਰ (ਰੈਣ-ਬਸੇਰਾ) ਦੀ ਹਾਲਤ ਰੱਖ-ਰਖਾਅ ਦੀ ਘਾਟ ਕਾਰਨ ਮੌਜੂਦਾ ਸਮੇਂ ਤਰਸਯੋਗ ਬਣੀ ਹੋਈ ਹੈ | ਜਿੱਥੇ ਅਣਗਹਿਲੀ ਨਾਲ ਇਸ ਦੇ ਮੁੱਖ ਦਰਵਾਜ਼ੇ ਦੇ ਅੱਗੇ ਕੂੜੇ ਅਤੇ ਗੰਦਗੀ ਦਾ ਵੱਡਾ ਡੰਪ ਬਣਾ ਦਿੱਤਾ ਗਿਆ ਹੈ, ਉੱਥੇ ਹੀ ਇਸ ਸਮਾਰਕ ਦੇ ਬਾਹਰ ਲਗਾਈ ਪੱਥਰ ਦੀ ਸਿਲ 'ਤੇ ਨਿੱਜੀ ਵਪਾਰਕ ਅਦਾਰਿਆਂ ਵਲੋਂ ਆਪਣੇ ਪ੍ਰਚਾਰ ਲਈ ਪੋਸਟਰ ਲਗਾਏ ਜਾਣ ਕਰਕੇ ਇਸ ਦੇ ਹੇਠਾਂ ਦਰਜ ਇਬਾਰਤ ਧੁੰਦਲੀ ਪੈ ਚੁਕੀ ਹੈ | ਜਿਸ ਕਾਰਨ ਸੈਲਾਨੀ ਅਤੇ ਸ਼ਹਿਰਵਾਸੀ ਇਸ ਯਾਦਗਾਰ ਦੀ ਹੋਂਦ ਤੋਂ ਅਣਜਾਣ ਹਨ | ਇਸ ਸਿਲ 'ਤੇ ਯਾਦਗਾਰ ਦਾ ਨਾਂ ਅਤੇ ਹੇਠਾਂ ਮਿ੍ਤਕਾਂ ਦੇ ਨਾਂ ਲਿਖੇ ਹੋਏ ਹਨ |
ਧਮਾਕੇ ਦੇ ਕੁਝ ਚਸ਼ਮਦੀਦ ਗਵਾਹਾਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਨ 1965 ਦੀ ਜੰਗ ਬੰਦ ਹੋਣ ਦੇ ਐਲਾਨ ਤੋਂ 12 ਘੰਟੇ ਬਾਅਦ ਛੇਹਰਟਾ ਇਲਾਕੇ 'ਚ ਸ਼ਾਮ ਕਰੀਬ 4:15 ਵਜੇ ਅਸਮਾਨ ਤੋਂ ਪਾਕਿਸਤਾਨੀ ਲੜਾਕੂ ਜਹਾਜ਼ਾਂ ਦੀ ਗਰਜ ਸੁਣਾਈ ਦਿੱਤੀ | ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਪਾਉਂਦੇ ਪ੍ਰਤਾਪ ਬਾਜ਼ਾਰ 'ਚ ਸੁੱਟੇ ਬੰਬਾਂ ਨਾਲ ਜ਼ੋਰਦਾਰ ਧਮਾਕੇ ਹੋ ਗਏ | ਇਨ੍ਹਾਂ ਬੰਬ ਧਮਾਕਿਆਂ ਤੋਂ ਬਾਅਦ ਪ੍ਰਤਾਪ ਬਾਜ਼ਾਰ 'ਚ ਹਰ ਪਾਸੇ ਲਾਸ਼ਾਂ ਪਈਆਂ ਸਨ | ਬਲੈਕ ਆਊਟ ਕਰ ਦਿੱਤਾ ਗਿਆ ਸੀ | ਉਨ੍ਹਾਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਪ੍ਰਤਾਪ ਬਾਜ਼ਾਰ ਸਥਿਤ ਜੰਗ 'ਚ ਮਾਰੇ ਗਏ ਲੋਕਾਂ ਦੀ ਉਕਤ ਯਾਦਗਾਰ ਨੂੰ ਖੋਲ੍ਹ ਕੇ ਇਸ ਦੀ ਸਾਫ-ਸਫ਼ਾਈ ਕੰਮ ਮੁਕੰਮਲ ਕਰਵਾਉਣਾ ਚਾਹੀਦਾ ਹੈ ਤਾਂ ਕਿ ਉੱਥੇ ਪਹੁੰਚ ਕੇ ਲੋਕ ਸ਼ਰਧਾਂਜਲੀ ਭੇਟ ਕਰ ਸਕਣ | ਦੱਸਣਯੋਗ ਹੈ ਕਿ ਸੰਨ 1965 ਦੀ ਭਾਰਤ-ਪਾਕਿ ਜੰਗ 5 ਅਗਸਤ ਨੂੰ ਸ਼ੁਰੂ ਹੋ ਕੇ 1 ਮਹੀਨਾ 2 ਹਫ਼ਤੇ ਅਤੇ 4 ਦਿਨ ਬਾਅਦ ਭਾਵ 23 ਸਤੰਬਰ ਨੂੰ ਖ਼ਤਮ ਹੋਈ ਸੀ |
ਪਾਕਿ ਵਲੋਂ 1965 'ਚ ਕੀਤੇ ਕਾਇਰਤਾਪੂਰਨ ਹਵਾਈ ਹਮਲੇ ਦੌਰਾਨ ਮਾਰੇ ਗਏ 52 ਲੋਕਾਂ ਦੀ ਯਾਦਗਾਰ ਦੀ ਹਾਲਤ ਤਰਸਯੋਗ <br/>
ਅਜੀਤ ਡੈਸਕ
22-09-2025