ਹਕੀਕਤ 'ਚ 'ਸਮਾਰਟ ਸਿਟੀ' ਨਹੀਂ ਬਣ ਸਕਿਆ ਅੰਮਿ੍ਤਸਰ ਸ਼ਹਿਰ <br/>
ਸਥਾਨਕ ਸਿਵਲ ਹਸਪਤਾਲ ਚੌਕ ਤੇ ਬਟਾਲਾ ਰੋਡ ਚੌਕ ਵਿਖੇ ਟੁੱਟੀ ਸੜਕਾਂ ਦਾ ਦਿ੍ਸ਼ | ਤਸਵੀਰਾਂ : ਹਰਜੀਤ ਸਿੰਘ
<br/>
26-09-2025
ਅੰਮਿ੍ਤਸਰ ਸ਼ਹਿਰ 'ਚ ਹਰ ਡੇਢ ਤੋਂ ਦੋ ਲੱਖ ਦੇ ਕਰੀਬ ਸੈਲਾਨੀ ਅਤੇ ਸ਼ਰਧਾਲੂ ਆਉਂਦੇ ਹਨ | ਇਸ ਕੌਮਾਂਤਰੀ ਪ੍ਰਸਿੱਧੀ ਵਾਲੇ ਸ਼ਹਿਰ 'ਚ ਆਉਣ ਵਾਲੇ ਸੈਲਾਨੀਆਂ ਦੀ ਸੁੱਖ ਸਹੂਲਤ ਲਈ ਇਸ ਸ਼ਹਿਰ ਨੂੰ ਹੋਰ ਵੀ ਸੁੰਦਰ ਦਿੱਖ ਦੇਣ ਅਤੇ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਇਸ ਸ਼ਹਿਰ ਨੂੰ ਦੇਸ਼ ਦੇ ਸਮਾਰਟ ਸਿਟੀ ਵਾਲੇ ਸ਼ਹਿਰਾਂ ਦੀ ਸੂਚੀ ਸ਼ਾਮਲ ਕੀਤਾ ਗਿਆ ਅਤੇ ਸ਼ਹਿਰ ਨੂੰ ਕਰੋੜਾਂ ਰੁਪਏ ਦੇ ਫ਼ੰਡ ਜਾਰੀ ਹੋਏ | ਇਕ ਦਾਅਵੇ ਅਨੁਸਾਰ ਸਮਾਰਟ ਸਿਟੀ ਪ੍ਰੋਜੈਕਟ ਤਹਿਤ ਕੇਂਦਰ ਸਰਕਾਰ ਵਲੋਂ ਹੁਣ ਤੱਕ ਅੰਮਿ੍ਤਸਰ ਸ਼ਹਿਰ ਲਈ 1000 ਕਰੋੜ ਦੇ ਪ੍ਰੋਜੈਕਟ ਮਨਜ਼ੂਰ ਕੀਤੇ ਹਨ | ਪਰ ਸ਼ਹਿਰ ਦੀ ਹਾਲਤ ਤਾਂ ਕੁਝ ਹੋਰ ਬਿਆਨ ਕਰ ਰਹੀ ਹੈ | ਸ਼ਹਿਰ 'ਚ ਵਧੇਰੇ ਕਰਕੇ ਸੜਕਾਂ ਟੁੱਟੀਆਂ ਹੋਈਆਂ ਹਨ | ਸੜਕਾਂ ਦੇ ਵਿਚਕਾਰ ਵੱਡੇ ਵੱਡੇ ਟੋਏ ਪਏ ਹਨ ਜੋ ਸ਼ਹਿਰ ਦੀ ਦਸ਼ਾ ਵਿਗਾੜ ਰਹੇ ਹਨ | ਭਾਵੇਂ ਕਿ ਨਗਰ ਨਿਗਮ ਵਲੋਂ 45 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ ਸੜਕਾਂ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਕਿਹੜੀਆਂ ਸੜਕਾਂ ਹਨ ਜਿਨ੍ਹਾਂ ਨੂੰ ਬਣਾਇਆ ਜਾ ਰਿਹਾ ਹੈ ਜਾ ਬਣਾਈਆਂ ਗਈਆਂ ਹਨ? ਇਹ ਇਕ ਸਵਾਲ ਬਣਿਆ ਹੋਇਆ ਹੈ | ਸ਼ਹਿਰ ਦੇ ਚੁਫੇਰੇ ਝਾਤ ਮਾਰੀ ਜਾਵੇ ਤਾਂ ਹਰ ਪਾਸੇ ਟੁੱਟੀਆਂ ਹੀ ਸੜਕਾਂ ਦਿਖਾਈ ਦਿੰਦੀਆਂ ਹਨ | ਬੱਸ ਅੱਡੇ ਦੇ ਆਲ਼ੇ ਦੁਆਲੇ, ਰੇਲਵੇ ਸਟੇਸ਼ਨ ਨੇੜੇ, ਕਚਹਿਰੀ ਰੋਡ, ਤਹਿਸਲੀਪੁਰਾ ਰੋਡ, ਬਟਾਲਾ ਰੋਡ, ਮਜੀਠਾ ਰੋਡ, ਸੁਲਤਾਨਵਿੰਡ ਰੋਡ, ਹਵਾਈ ਅੱਡਾ ਰੋਡ, ਪੁਰਾਣੀ ਜੇਲ੍ਹ ਰੋਡ ਤੋਂ ਰਤਨ ਸਿੰਘ ਚੌਕ, ਤਰਨ ਤਾਰਨ ਰੋਡ, ਝਬਾਲ ਰੋਡ, ਡੈਮ ਗੰਜ ਰੋਡ, ਇਸਲਾਮਾਬਾਦ, ਸੂਰਤਾ ਸਿੰਘ ਰੋਡ ਸਮੇਤ ਸ਼ਹਿਰ ਦੇ ਹੋਰ ਇਲਾਕਿਆਂ ਦੀਆਂ ਸੜਕਾਂ ਟੁੱਟੀਆਂ ਹਨ | ਬਹੁਤੀਆਂ ਸੜਕਾਂ ਦੇ ਵਿਚਕਾਰ ਵੱਡੇ ਵੱਡੇ ਟੋਏ ਪਏ ਹਨ, ਜੋ ਨਿੱਤ ਹੀ ਹਾਦਸਿਆਂ ਦਾ ਸਬੱਬ ਬਣਦੇ ਹਨ | ਬਹੁਤ ਸਾਰੀਆਂ ਸੜਕਾਂ ਲੰਬੇ ਸਮੇਂ ਤੋਂ ਬਣੀਆਂ ਨਾ ਹੋਣ ਕਰਕੇ ਉਨ੍ਹਾਂ ਦੀ ਹਾਲਤ ਖਸਤਾ ਹੈ ਪਰ ਰਹਿੰਦੀ ਖੂੰਹਦੀ ਕਸਰ ਨਹਿਰੀ ਪਾਣੀ ਦੀਆਂ ਪਾਈਪਾਂ ਪਾਉਣ ਵਾਲੀ ਕੰਪਨੀ ਨੇ ਪੂਰੀ ਕਰ ਦਿੱਤੀ ਹੈ, ਜਿਸ ਵਲੋਂ ਪਾਈਪਾਂ ਪਾਉਣ ਲਈ ਸੜਕਾਂ ਦੀ ਪੁਟਾਈ ਤਾਂ ਕਰ ਦਿੱਤੀ ਹੈ ਪਰ ਉਸ ਤੋਂ ਬਾਅਦ ਸੜਕਾਂ 'ਤੇ ਪ੍ਰੀਮਿਕਸ ਨਹੀਂ ਪਾਇਆ ਜਿਸ ਕਾਰਨ ਸੜਕਾਂ ਧਸ ਗਈਆਂ ਹਨ ਅਤੇ ਉਨ੍ਹਾਂ ਦੀ ਹਾਲਤ ਹੋਰ ਵੀ ਮੰਦੀ ਹੋ ਗਈ ਹੈ | ਜੋ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਹੀਆਂ ਹਨ |