ਅੰਮਿ੍ਤਸਰ, 25 ਸਤੰਬਰ (ਸੁਰਿੰਦਰ ਕੋਛੜ)-ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਅੰਮਿ੍ਤਸਰ ਵਲੋਂ ਅੱਜ ਟਾਊਨ ਹਾਲ ਚੌਕ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਵਿਚ ਵਿਸ਼ਾਲ ਦਵਾਈ ਲੰਗਰ ਦੀ ਸੇਵਾ ਕੀਤੀ ਗਈ | ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਅਤੇ ਨਤਮਸਤਕ ਹੋ ਕੇ ਆ ਰਹੇ ਸ਼ਰਧਾਲੂਆਂ ਨੂੰ ਮਾਹਿਰ ਡਾਕਟਰਾਂ ਵਲੋਂ ਤਜ਼ਵੀਜ਼ਤ ਦਵਾਈਆਂ ਦੀ ਸੇਵਾ ਕੀਤੀ ਗਈ | ਇਸ ਵਿਸ਼ੇਸ਼ ਕੈਂਪ 'ਚ ਚਮੜੀ ਰੋਗਾਂ ਦੇ ਮਾਹਿਰ ਡਾ: ਅਮਰਜੀਤ ਸਿੰਘ ਸਚਦੇਵਾ, ਡਾ: ਸ਼ੁਕੀਨ ਸਿੰਘ ਹਸਪਤਾਲ ਅਤੇ ਲਿਵਾਸਾ ਹਸਪਤਾਲ ਦੇ ਡਾਕਟਰਾਂ ਸਮੇਤ ਅਨੰਦ ਕਾਲਜ ਆਫ਼ ਨਰਸਿੰਗ ਜੇਠੂਵਾਲ ਦੀਆਂ ਨਰਸ ਬੀਬੀਆਂ ਨੇ ਸੇਵਾਵਾਂ ਭੇਟ ਕੀਤੀਆਂ | ਮੈਡੀਕਲ ਕੈਂਪ ਦਾ ਆਯੋਜਨ ਪਰਮੀਤ ਸਿੰਘ ਚੱਢਾ ਗਲੋਬਲ ਚੇਅਰਮੈਨ, ਰਜਿੰਦਰ ਸਿੰਘ ਮਰਵਾਹਾ ਪੰਜਾਬ ਚੇਅਰਮੈਨ, ਪਿ੍ੰਸੀਪਲ ਕੁਲਵੰਤ ਸਿੰਘ ਅਣਖੀ, ਦਮਨਜੀਤ ਸਿੰਘ, ਅਵਤਾਰ ਸਿੰਘ ਕੈਨੇਡਾ, ਮਨਦੀਪ ਸਿੰਘ, ਰੁਪਿੰਦਰ ਸਿੰਘ ਕਟਾਰੀਆ, ਅਮਰਜੀਤ ਸਿੰਘ ਨਾਰੰਗ, ਐਲਿਸਟਾ ਹੋਟਲ ਦੇ ਮਾਲਕ ਹਰਮੀਤ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ ਕੋਹਲੀ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਮਰਵਾਹਾ ਨੇ ਦੱਸਿਆ ਕਿ ਮਰੀਜ਼ਾਂ ਨੂੰ ਮਲਟੀ ਵਿਟਾਮਿਨ, ਪੈਰਾਸਿਟਾਮੋਲ, ਖੰਘ ਦੀ ਦਵਾਈ, ਐਂਟੀ ਐਲਰਜੀ, ਚਮੜੀ ਰੋਗ ਦੀਆਂ ਦਵਾਈਆਂ, ਅੱਖਾਂ ਦੇ ਨੁਕਸਾਂ ਦੀਆਂ ਦਵਾਈਆਂ, ਓਡੋਮੌਸ, ਪਿੱਤ ਪਾਊਡਰ ਅਤੇ ਹੋਰ ਦਵਾਈਆਂ ਵੰਡੀਆਂ ਗਈਆਂ | ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਟਾਰੀ ਸਰਹੱਦ ਵਿਖੇ ਲੈਂਡਪੋਰਟ ਅਥਾਰਿਟੀ ਆਫ਼ ਇੰਡੀਆ 'ਚ ਅਟਾਰੀ ਇਲਾਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਦੇ ਮਕਸਦ ਨਾਲ ਨਿਸ਼ਕਾਮ ਸੇਵਕ ਜਥਾ ਸਮਿਤੀ ਮੋਦੀ ਨਗਰ ਦੇ ਪ੍ਰਧਾਨ ਜਸਮੀਤ ਸਿੰਘ ਅਤੇ ਸੁਖਵਿੰਦਰ ਸਿੰਘ ਕੋਹਲੀ ਵਲੋਂ ਲਿਆਂਦੀਆਂ ਦਵਾਈਆਂ ਅਤੇ ਰੋਜ਼ਮਰਾ ਦੀ ਵਰਤੋਂ ਦੀਆਂ ਜ਼ਰੂਰੀ ਵਸਤਾਂ ਦਾ ਲੰਗਰ ਲਗਾਇਆ ਗਿਆ |