ਅੰਮਿ੍ਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਕੂੜਾ ਪ੍ਰਬੰਧਨ ਦੀ ਦਿਸ਼ਾ 'ਚ ਵੱਡਾ ਕਦਮ ਚੁੱਕਦਿਆਂ ਟਰੱਸਟ ਆਫ ਪੀਪਲ ਨਾਲ ਮਲਟੀ-ਲੇਅਰਡ ਪਲਾਸਟਿਕ (ਐੱਮ.ਐੱਲ.ਪੀ.) ਅਤੇ ਰਿਫਿਊਜ਼-ਡਰਾਈਵਡ ਫਿਊਲ (ਆਰ.ਡੀ.ਐੱਫ.) ਕੂੜੇ ਦੇ ਪ੍ਰਬੰਧਨ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ | ਇਹ ਸਮਝੌਤਾ ਜੀ.ਐੱਨ.ਡੀ.ਯੂ. ਦੀ ਸੋਲਿਡ ਲਿਕਵਿਡ ਰਿਸੋਰਸ ਮੈਨੇਜਮੈਂਟ (ਐੱਸ.ਐੱਲ.ਆਰ.ਐੱਮ.) ਯੂਨਿਟ ਵਿਚ ਕੂੜੇ ਦੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਵਾਤਾਵਰਣ ਸੁਰੱਖਿਆ ਅਤੇ ਸਰਕੂਲਰ ਅਰਥਚਾਰੇ ਦੇ ਸਿਧਾਂਤਾਂ ਨੂੰ ਉਤਸ਼ਾਹਿਤ ਕਰੇਗਾ | ਇਸ ਸਮਝੌਤੇ 'ਤੇ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਕੇ. ਐੱਸ. ਚਾਹਲ ਅਤੇ ਟਰੱਸਟ ਆਫ ਪੀਪਲ ਦੇ ਸਿਟੀ ਲੀਡ ਸ੍ਰੀ ਅਰਜੁਨ ਰਾਮ ਨੇ ਹਸਤਾਖਰ ਕੀਤੇ | ਇਸ ਮੌਕੇ ਪ੍ਰੋ. ਪਲਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ, ਪ੍ਰੋ. ਨਵਦੀਪ ਸਿੰਘ ਸੋਢੀ, ਕੋਆਰਡੀਨੇਟਰ, ਯੂਨੀਵਰਸਿਟੀ ਇੰਡਸਟਰੀ ਲਿੰਕੇਜ ਪ੍ਰੋਗਰਾਮ ਅਤੇ ਡਾ. ਮਨਪ੍ਰੀਤ ਸਿੰਘ ਭੱਟੀ, ਪ੍ਰੋਫੈਸਰ, ਡਿਪਾਰਟਮੈਂਟ ਆਫ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਹਾਜ਼ਰ ਸਨ | ਇਹ ਸਮਝੌਤਾ ਐੱਸ.ਐੱਲ.ਆਰ.ਐੱਮ. ਕਮੇਟੀ ਦੀ ਸਿਫਾਰਸ਼ 'ਤੇ ਪ੍ਰੋ. ਦਲਬੀਰ ਸਿੰਘ ਸੋਗੀ ਦੀ ਕਨਵੀਨਰਸ਼ਿਪ ਹੇਠ ਸੰਪੰਨ ਹੋਇਆ | ਇਸ ਸਮਝੌਤੇ ਅਨੁਸਾਰ, ਟਰੱਸਟ ਆਫ ਪੀਪਲ ਜੀ.ਐੱਨ.ਡੀ.ਯੂ. ਦੀ ਐੱਸ.ਐੱਲ.ਆਰ.ਐੱਮ. ਯੂਨਿਟ ਤੋਂ ਐੱਮ.ਐੱਲ.ਪੀ./ਆਰ.ਡੀ.ਐੱਫ. ਕੂੜੇ ਦੀ ਇਕੱਤਰਤਾ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲੇਗਾ | ਇਹ ਇਕ ਸਾਲ ਦਾ ਇਕਰਾਰਨਾਮਾ ਹੈ, ਜਿਸ ਅਨੁਸਾਰ ਹਰ ਪੰਦਰਵਾੜੇ ਕੂੜਾ ਇਕੱਤਰ ਕੀਤਾ ਜਾਵੇਗਾ | ਇਸ ਵਿੱਚ ਕੂੜੇ ਦੀ ਸਹੀ ਵੰਡ, ਸੁਰੱਖਿਅਤ ਭੰਡਾਰਨ ਅਤੇ ਅੰਮਿ੍ਤਸਰ ਦੇ ਨਰੈਣਗੜ੍ਹ, ਛੇਹਰਟਾ ਸਥਿਤ ਮਟੀਰੀਅਲ ਰਿਕਵਰੀ ਫੈਸਿਲਿਟੀ (ਐੱਮ.ਆਰ.ਐੱਫ.) ਸੈਂਟਰ ਤੱਕ ਵਧੀਆ ਢੰਗ ਨਾਲ ਢੋਆ-ਢੁਆਈ ਸੁਨਿਸ਼ਚਿਤ ਕੀਤੀ ਜਾਵੇਗੀ | ਇਸ ਪਹਿਲਕਦਮੀ ਨਾਲ ਚਿਪਸ ਦੇ ਪੈਕਟ, ਡਿਟਰਜੈਂਟ ਦੀ ਪੈਕਿੰਗ ਅਤੇ ਦੂਸ਼ਿਤ ਪਲਾਸਟਿਕ ਸਮੱਗਰੀ ਵਰਗੇ ਗੈਰ-ਰੀਸਾਈਕਲਯੋਗ ਪਲਾਸਟਿਕ ਦਾ ਸਹੀ ਪ੍ਰਬੰਧਨ ਹੋਵੇਗਾ, ਜਿਸ ਨਾਲ ਸਾੜਨ ਜਾਂ ਖੁੱਲ੍ਹੇ 'ਚ ਸੁੱਟਣ ਕਾਰਨ ਵਾਤਾਵਰਣ ਨੂੰ ਨੁਕਸਾਨ ਤੋਂ ਬਚਾਇਆ ਜਾਵੇਗਾ | ਟਰੱਸਟ ਆਫ ਪੀਪਲ, ਸ੍ਰੀ ਅਰਜੁਨ ਰਾਮ ਦੀ ਅਗਵਾਈ ਵਿੱਚ, ਐੱਸ.ਐੱਲ.ਆਰ.ਐੱਮ. ਸਟਾਫ/ਸਫਾਈ ਸਾਥੀਆਂ ਨੂੰ ਤਕਨੀਕੀ ਦਿਸ਼ਾ ਪ੍ਰਦਾਨ ਕਰੇਗਾ ਤਾਂ ਜੋ ਕੂੜਾ ਪ੍ਰਬੰਧਨ ਪ੍ਰੋਟੋਕੋਲ ਦੀ ਪਾਲਣਾ ਸੁਨਿਸ਼ਚਿਤ ਹੋਵੇ |