ਅੰਮਿ੍ਤਸਰ, 1 ਨਵੰਬਰ (ਹਰਮਿੰਦਰ ਸਿੰਘ)-ਸਾਬਕਾ ਸਿਹਤ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇੇ ਕਿਹਾ ਕਿ ਪੰਜਾਬ 'ਚ ਬਹੁਤ ਸਾਰੇ ਪੁਲਿਸ ਅਧਿਕਾਰੀ ਰਿਸ਼ਵਤ ਲੈਂਦੇ ਫੜੇ ਜਾ ਰਹੇ ਹਨ | ਹਾਲ ਹੀ 'ਚ ਅੰਮਿ੍ਤਸਰ ਦੇ ਇੰਸਪੈਕਟਰ ਨੂੰ ਫੜਿਆ ਗਿਆ ਸੀ | ਹਾਲਾਂਕਿ, ਇਹ ਇੰਸਪੈਕਟਰ ਪਹਿਲਾਂ ਵੀ ਕਈ ਸਵਾਲਾਂ 'ਚ ਘਿਰਿਆ ਹੈ | ਉਨ੍ਹਾਂ ਕਿਹਾ ਰਿਸ਼ਵਤ ਲੈਂਦੇ ਕਿਸੇ ਵੀ ਅਧਿਕਾਰੀ ਨੂੰ ਫੜਨਾ ਅਤੇ ਜੇਲ੍ਹ ਭੇਜਣਾ ਸਰਕਾਰ ਦਾ ਜਾਇਜ਼ ਫਰਜ਼ ਹੈ, ਪਰ ਸਵਾਲ ਇਹ ਹੈ ਰਿਸ਼ਵਤਖੋਰੀ ਦੇ ਸਾਰੇ ਮਾਮਲੇ ਵਿਜੀਲੈਂਸ ਵਿਭਾਗ ਤੱਕ ਪਹੁੰਚਦੇ ਹਨ? ਪ੍ਰੋ: ਚਾਵਲਾ ਨੇ ਕਿਹਾ ਉਨ੍ਹਾਂ ਪਹਿਲਾਂ ਹੀ ਪੰਜਾਬ ਦੇ ਡੀਜੀਪੀ ਅਤੇ ਮੁੱਖ ਮੰਤਰੀ ਨੂੰ ਲਿਖਿਆ ਸੀ, ਉਨ੍ਹਾਂ ਨੂੰ ਸਾਰੇ ਥਾਣਿਆਂ ਦੇ ਸਾਰੇ ਕਲਰਕਾਂ ਨੂੰ ਬਦਲਣ ਲਈ ਕਿਹਾ ਸੀ, ਪਰ ਉਨ੍ਹਾਂ ਦਾ ਤਬਾਦਲਾ ਕੇਵਲ ਵਿਖਾਵਾ ਸਿੱਧ ਹੋਇਆ | ਤਬਾਦਲੇ ਤੋਂ ਦੋ ਚਾਰ ਦਿਨਾਂ ਬਾਅਦ ਉਹ ਮੁਲਾਜ਼ਮ ਮੁੜ ਆਪਣੀਆਂ ਪੁਰਾਣੀਆਂ ਸੀਟਾਂ 'ਤੇ ਆ ਗਏ | ਮਾਲਵੇ ਦੇ ਮੁਲਾਜ਼ਮਾਂ ਨੂੰ ਮਾਝੇ, ਮਾਝੇ ਵਾਲਿਆਂ ਨੂੰ ਦੁਆਬੇ ਭੇਜਣਾ ਚਾਹੀਦਾ ਹੈ ਅਤੇ ਇਨ੍ਹਾਂ ਥਾਣਿਆਂ ਨੂੰ ਜਨਤਕ ਨਿਗਰਾਨੀ ਹੇਠ ਕੰਮ ਕਰਨਾ ਚਾਹੀਦਾ ਹੈ |