ਅੰਮਿ੍ਤਸਰ, 2 ਨਵੰਬਰ (ਹਰਮਿੰਦਰ ਸਿੰਘ)-ਦੀ ਪ੍ਰੈਸ ਕਲੱਬ ਆਫ ਅੰਮਿ੍ਤਸਰ ਸੂਬੇ ਦੇ ਕਈ ਜ਼ਿਲਿ੍ਹਆਂ ਵਿਚ ਅਖ਼ਬਾਰ ਲਿਜਾ ਰਹੀਆਂ ਗੱਡੀਆਂ ਨੂੰ ਰੋਕਣ ਵਿਚ ਪੰਜਾਬ ਪੁਲਿਸ ਦੇ ਦਖਲ ਦੀ ਸਖ਼ਤ ਨਿਖੇਧੀ ਕੀਤੀ | ਇਕ ਬਿਆਨ ਰਾਹੀਂ ਪ੍ਰਧਾਨ ਰਾਜੇਸ਼ ਗਿੱਲ ਅਤੇ ਜਨ: ਸਕੱਤਰ ਮਨਿੰਦਰ ਸਿੰਘ ਮੌਂਗਾ ਨੇ ਕਿਹਾ ਕਿ ਐਤਵਾਰ ਨੂੰ ਪੂਰੇ ਸੂਬੇ ਵਿਚ ਅਖ਼ਬਾਰਾਂ ਦੀ ਵੰਡ ਅਧਿਕਾਰੀਆਂ ਵਲੋਂ ਸਖ਼ਤ ਵਾਹਨ ਜਾਂਚ ਕਾਰਨ ਪ੍ਰਭਾਵਿਤ ਹੋ ਗਈ | ਕਈ ਮਾਮਲਿਆਂ ਵਿਚ ਡਿਲੀਵਰੀ ਵੈਨਾਂ ਨੂੰ ਪੁਲਿਸ ਥਾਣਿਆਂ ਵਿਚ ਰੋਕ ਲਿਆ ਗਿਆ, ਜਿਸ ਨਾਲ ਸਟਾਫ ਨੂੰ ਬੇਲੋੜੀ ਪ੍ਰੇਸ਼ਾਨੀ ਹੋਈ ਅਤੇ ਪਾਠਕਾਂ ਤੱਕ ਪਹੁੰਚਣ ਵਿਚ ਕਾਫ਼ੀ ਦੇਰੀ ਹੋਈ | ਅੰਮਿ੍ਤਸਰ ਪ੍ਰੈਸ ਕਲੱਬ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਅਜਿਹੀਆਂ ਪ੍ਰਥਾਵਾਂ ਨੂੰ ਤੁਰੰਤ ਰੋਕਣ, ਅਖ਼ਬਾਰਾਂ ਦੇ ਸੁਚਾਰੂ ਸੰਚਾਰ ਦੀ ਗਾਰੰਟੀ ਦੇਣ ਅਤੇ ਸੰਵਿਧਾਨਕ ਤੌਰ 'ਤੇ ਦਿੱਤੇ ਪ੍ਰੈਸ ਦੀ ਆਜ਼ਾਦੀ ਦੇ ਅਧਿਕਾਰ ਦੀ ਰਾਖੀ ਕਰਨ ਲਈ ਤੁਰੰਤ ਕਾਰਵਾਈ ਕਰੇ |