ਅੰਮਿ੍ਤਸਰ, 23 ਨਵੰਬਰ (ਸੁਰਿੰਦਰ ਕੋਛੜ)-ਭਾਰਤੀ ਯੋਗ ਸੰਸਥਾਨ ਵਲੋਂ ਅੱਜ ਆਯੋਜਿਤ ਇਕ ਸਮੂਹਿਕ ਪ੍ਰੋਗਰਾਮ 'ਚ ਸੰਸਥਾ ਦੇ ਸੀਨੀਅਰ ਅਧਿਕਾਰੀ ਵੇਦ ਪ੍ਰਕਾਸ਼ ਰਾਠੀ ਨੇ ਲੋਕਾਂ ਨੂੰ ਯੋਗ ਅਤੇ ਖ਼ੁਰਾਕ ਰਾਹੀਂ ਬਿਮਾਰੀਆਂ ਦਾ ਇਲਾਜ ਕਰਨ ਦੇ ਤਰੀਕੇ ਬਾਰੇ ਦੱਸਿਆ | ਇਸ ਸਮਾਰੋਹ 'ਚ ਅੰਮਿ੍ਤਸਰ ਦੇ ਵੱਖ-ਵੱਖ ਕੇਂਦਰਾਂ ਦੇ ਅਭਿਆਸੀਆਂ ਅਤੇ ਹੋਰ ਲੋਕਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਗਿਰਧਾਰੀ ਲਾਲ ਨੇ ਗਾਇਤਰੀ ਮੰਤਰ ਦਾ ਜਾਪ ਕੀਤਾ ਅਤੇ ਮੁੱਖ ਮਹਿਮਾਨ ਰਾਠੀ, ਕਿਸ਼ੋਰ, ਵਰਿੰਦਰ ਧਵਨ, ਸਤੀਸ਼ ਮਹਾਜਨ, ਸੁਨੀਲ ਕਪੂਰ, ਮਨਮੋਹਨ ਕਪੂਰ, ਮਾਸਟਰ ਮੋਹਨ ਲਾਲ ਅਤੇ ਪ੍ਰਮੋਦ ਸੋਢੀ ਨੇ ਦੀਪ ਜਗਾਇਆ | ਪ੍ਰੋਗਰਾਮ ਦਾ ਸੰਚਾਲਨ ਸਤੀਸ਼ ਮਹਾਜਨ ਨੇ ਕੀਤਾ | ਇਸ ਮੌਕੇ ਸ੍ਰੀ ਰਾਠੀ ਨੇ ਦੱਸਿਆ ਕਿ ਅੱਜ ਕੱਲ੍ਹ ਜ਼ਿਆਦਾਤਰ ਲੋਕ ਤਣਾਅ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ, ਜਿਨ੍ਹਾਂ 'ਚ ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਦੌਰੇ, ਦਿਲ ਦੀ ਬਿਮਾਰੀ, ਸ਼ੂਗਰ, ਥਾਇਰਾਇਡ ਆਦਿ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਕਿਵੇਂ ਹਰ ਵਿਅਕਤੀ ਯੋਗਾ ਰਾਹੀਂ ਆਪਣੀ ਜ਼ਿੰਦਗੀ ਨੂੰ ਬਿਮਾਰੀ ਮੁਕਤ ਰੱਖ ਸਕਦਾ ਹੈ, ਜਿਸ ਵਿਚ ਸਾਡੀ ਖ਼ੁਰਾਕ ਵੀ ਮੁੱਖ ਭੂਮਿਕਾ ਨਿਭਾਉਂਦੀ ਹੈ | ਜੇਕਰ ਅਸੀਂ ਆਪਣੀ ਜੀਵਨ ਸ਼ੈਲੀ 'ਚ ਥੋੜ੍ਹਾ ਜਿਹਾ ਬਦਲਾਅ ਕਰੀਏ ਤਾਂ ਅਸੀਂ ਖ਼ੁਸ਼ਹਾਲ ਜੀਵਨ ਜੀ ਸਕਦੇ ਹਾਂ | ਉਨ੍ਹਾਂ ਨੇ ਕਿਹਾ ਕਿ ਯੋਗਾਸਨ ਅਤੇ ਪ੍ਰਾਣਾਯਾਮ ਦਵਾਈਆਂ ਨਾਲੋਂ ਬਿਹਤਰ ਕੰਮ ਕਰਦੇ ਹਨ ਅਤੇ ਇਹ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਰੱਖਦੇ ਹਨ |