ਅੰਮਿ੍ਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਚੀਫ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਵਿਖੇ ਟਰੇਂਡ ਨਰਸਿਜ਼ ਐਸੋਸੀਏਸ਼ਨਜ਼ ਆਫ ਇੰਡੀਆ, ਪੰਜਾਬ ਇਕਾਈ ਵਲੋਂ ਗਰਭਵਤੀ ਔਰਤਾਂ ਦੀ ਸਿਹਤ ਅਤੇ ਜੱਚਾ ਬੱਚਾ ਸੰਭਾਲ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ ਵਿਦਿਆਰਥਣਾਂ ਵਲੋਂ ਗੁਰਬਾਣੀ ਕੀਰਤਨ ਨਾਲ ਕੀਤੀ ਗਈ | ਸ਼ਮਾ ਰੋਸ਼ਨ ਕਰਨ ਤੋਂ ਬਾਅਦ ਪਿ੍ੰਸੀਪਲ ਡਾ. ਯਸ਼ਪ੍ਰੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੌਦੇ ਭੇਟ ਕੀਤੇ | ਡਾ. ਅਮਰਜੀਤ ਸਿੰਘ ਸਚਦੇਵਾ ਨੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਦੀਵਾਨ ਵਲੋਂ ਸਿੱਖੀ, ਸਿੱਖਿਆ ਅਤੇ ਮਾਨਵਤਾ ਦੀ ਸੇਵਾ ਵਿਚ ਕੀਤੇ ਜਾ ਰਹੇ ਮਹੱਤਵਪੂਰਨ ਯੋਗਦਾਨ ਬਾਰੇ ਰੌਸ਼ਨੀ ਪਾਈ | ਨਰਸਿੰਗ ਕਾਲਜ ਦੇ ਚੇਅਰਮੈਨ ਡਾ. ਆਤਮਜੀਤ ਸਿੰਘ ਬਸਰਾ ਨੇ ਕਿਹਾ ਕਿ ਔਰਤਾਂ ਦੀ ਸਿਹਤ ਪ੍ਰਾਥਮਿਕਤਾ ਹੈ, ਕਿਉਂਕਿ ਸਿਹਤਮੰਦ ਮਾਂ ਹੀ ਸਿਹਤਮੰਦ ਪੀੜ੍ਹੀ ਦੀ ਬੁਨਿਆਦ ਹੈ | ਅਸੀਂ ਚਾਹੁੰਦੇ ਹਾਂ ਕਿ ਨਰਸਿੰਗ ਵਿਦਿਆਰਥੀਆਂ ਨੂੰ ਸਿਰਫ ਸਿੱਖਿਆ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦੇ ਸੰਸਕਾਰ ਵੀ ਮਿਲਣ | ਉਨ੍ਹਾਂ ਅੱਜ ਦੀ ਵਰਕਸ਼ਾਪ ਨਿਸ਼ਚਿਤ ਤੌਰ 'ਤੇ ਭਵਿੱਖ ਦੀਆਂ ਨਰਸਾਂ ਨੂੰ ਹੋਰ ਤਾਕਤਵਰ ਤੇ ਸਮਰੱਥ ਬਣਾਏਗੀ | ਪ੍ਰੋਗਰਾਮ ਵਿਚ ਡਾ. ਪ੍ਰਭਜੋਤ ਕੌਰ ਸੈਣੀ, ਪਿ੍ੰਸੀਪਲ ਸ਼ਹੀਦ ਕਰਤਾਰ ਸਿੰਘ ਸਰਾਭਾ ਨਰਸਿੰਗ ਕਾਲਜ ਅਤੇ ਟੀ.ਐੱਨ.ਏ.ਆਈ. ਪੰਜਾਬ ਸਟੇਟ ਸੈਕਟਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਵਰਕਸ਼ਾਪ ਦੇ ਵਿਸ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਡਾ. ਅਮਨਪ੍ਰੀਤ ਕੌਰ, ਪਿ੍ੰਸੀਪਲ ਖਾਲਸਾ ਕਾਲਜ ਆਫ ਨਰਸਿੰਗ, ਡਾ. ਨਿਧੀ ਸਾਗਰ ਵਾਈਸ ਪਿ੍ੰਸੀਪਲ, ਡੀ. ਐੱਮ . ਸੀ. ਲੁਧਿਆਣਾ ਅਤੇ ਚੇਅਰਮੈਨ ਨਰਸਿੰਗ ਰਿਸਰਚ ਅਤੇ ਐਜੂਕੇਸ਼ਨ ਟੀ. ਐੱਨ. ਏ. ਆਈ ਪੰਜਾਬ ਸਟੇਟ, ਡਾ. ਭੁਪਿੰਦਰ ਕੌਰ, ਪਿ੍ੰਸੀਪਲ, ਦਸਮੇਸ਼ ਕਾਲਜ ਆਫ ਨਰਸਿੰਗ, ਫਰੀਦਕੋਟ, ਡਾ. ਮੀਨੂੰ ਸ਼ਰਮਾ, ਪਿ੍ੰਸੀਪਲ, ਕਾਂਸਲ ਕਾਲਜ ਆਫ ਨਰਸਿੰਗ, ਜੈਤੋਸਰਜਾ, ਡਾ, ਵਿਜੈ ਲਕਸ਼ਮੀ, ਪਿ੍ੰਸੀਪਲ. ਸ਼ਹੀਦ ਭਗਤ ਸਿੰਘ ਨਰਸਿੰਗ ਕਾਲਜ, ਅੰਮਿ੍ਤਸਰ, ਡਾ. ਹਰਲੀਨ ਕੌਰ ਵਾਈਸ ਪਿ੍ੰਸੀਪਲ, ਸੀ. ਕੇ. ਡਾ. ਕਾਲਜ ਆਫ ਨਰਸਿੰਗ ਵਲੋਂ ਵੀ ਜੱਚਾ-ਬੱਚਾ ਦੀਆਂ ਸਿਹਤ ਸੇਵਾਵਾਂ ਅਤੇ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਅਤੇ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਪ੍ਰਭਾਵਸ਼ਾਲੀ ਢੰਗ ਨਾਲ ਜਾਗਰੂਕ ਕੀਤਾ ਗਿਆ | ਇਸ ਵਰਕਸ਼ਾਪ ਵਿਚ ਪੰਜਾਬ ਦੇ ਕਰੀਬ 20 ਨਰਸਿੰਗ ਕਾਲਜਾਂ ਤੋਂ 48 ਅਧਿਆਪਕਾਂ ਅਤੇ 80 ਵਿਦਿਆਰਥੀਆਂ ਨੇ ਬਤੌਰ ਡੈਲੀਗੇਟ ਹਿੱਸਾ ਲਿਆ | ਇਸ ਦੌਰਾਨ ਟੀ.ਐਨ.ਏ.ਆਈ ਵਲੋਂ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋਫੈਸਰ ਜਤਿੰਦਰ ਕੌਰ, ਐਸੋਸੀਏਟ ਪ੍ਰੋਫੈਸਰ ਸੰਤੋਸ਼ ਕੁਮਾਰੀ, ਸੁਰਿੰਦਰ ਕੌਰ, ਮਿਨਾਕਸ਼ੀ ਤੋਂ ਇਲਾਵਾ ਨਰਸਿੰਗ ਕਾਲਜ ਦੇ ਸਟਾਫ ਮੈਂਬਰ ਅਤੇ ਇੰਨਟਰਨਜ ਵੀ ਸ਼ਾਮਿਲ ਸਨ |