ਅੰਮਿ੍ਤਸਰ, 23 ਦਸੰਬਰ (ਸੁਰਿੰਦਰ ਕੋਛੜ)-ਵਿੱਤੀ ਸੰਕਟ 'ਚੋਂ ਥੋੜੀ ਰਾਹਤ ਮਿਲਣ ਦੀ ਆਸ ਨਾਲ ਸ਼ਾਹਬਾਜ਼ ਸ਼ਰੀਫ਼ ਦੀ ਸਰਕਾਰ ਨੇ ਆਪਣੀ ਸਰਕਾਰੀ ਮਲਕੀਅਤ ਵਾਲੀ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ. ਆਈ. ਏ.) ਨੂੰ ਨਿਲਾਮ ਕਰ ਦਿੱਤਾ ਹੈ | ਏਅਰਲਾਈਨਜ਼ ਦੀ ਵਿਕਰੀ ਦਾ ਮੁੱਖ ਕਾਰਨ ਗਲੋਬਲ ਵਿੱਤ ਸੰਸਥਾ ਆਈ. ਐਮ. ਐਫ. ਦੀ ਨੀਤੀ ਹੈ | ਦਰਅਸਲ, ਪਾਕਿ ਨੂੰ ਆਈ. ਐਮ. ਐਫ. ਤੋਂ 7 ਅਰਬ ਡਾਲਰ ਦੇ ਕਰਜ਼ੇ ਦੀ ਲੋੜ ਹੈ | ਬਦਲੇ 'ਚ ਆਈ. ਐਮ. ਐਫ. ਚਾਹੁੰਦਾ ਹੈ ਕਿ ਪਾਕਿਸਤਾਨ 'ਚ ਘਾਟੇ ਵਿਚ ਚੱਲ ਰਹੀਆਂ ਸਰਕਾਰੀ ਕੰਪਨੀਆਂ ਦਾ ਨਿੱਜੀਕਰਨ ਕੀਤਾ ਜਾਵੇ | ਇਸ ਸ਼ਰਤ ਦੇ ਅਨੁਸਾਰ ਹੀ ਪਾਕਿ ਪੀ. ਆਈ. ਏ. ਸਮੇਤ ਆਪਣੀਆਂ 24 ਸਰਕਾਰੀ ਕੰਪਨੀਆਂ ਦਾ ਨਿੱਜੀਕਰਨ ਕਰ ਰਿਹਾ ਹੈ | ਅੱਜ ਤਿੰਨ ਦੌਰ ਵਿਚ ਹੋਈ ਬੋਲੀ ਦੌਰਾਨ ਦੇਰ ਸ਼ਾਮ ਆਰਿਫ ਹਬੀਬ ਕਾਰਪੋਰੇਸ਼ਨ ਲਿਮਟਿਡ ਦੀ ਅਗਵਾਈ ਵਾਲੇ ਕੰਸੋਰਟੀਅਮ ਨੇ ਪੀ. ਆਈ. ਏ. ਦੇ ਨਿੱਜੀਕਰਨ ਪ੍ਰਕਿਰਿਆ ਲਈ 4320 ਕਰੋੜ ਰੁਪਏ ਦੀ ਸਭ ਤੋਂ ਵੱਧ ਬੋਲੀ ਦੇ ਨਾਲ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਵਿਚ ਬਹੁਮਤ ਹਿੱਸੇਦਾਰੀ ਹਾਸਲ ਕੀਤੀ | ਹਾਲਾਂਕਿ, ਪਾਕਿਸਤਾਨੀ ਸਰਕਾਰ ਨੇ ਏਅਰਲਾਈਨ ਦੀ ਵਿਕਰੀ ਲਈ 3200 ਕਰੋੜ ਰੁਪਏ ਦਾ ਅਨੁਮਾਨ ਲਗਾਇਆ ਸੀ, ਪਰ ਉਸ ਨੂੰ 1320 ਕਰੋੜ ਰੁਪਏ ਵਧ ਪ੍ਰਾਪਤ ਹੋਏ |