ਅੰਮਿ੍ਤਸਰ, 28 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਕਾਰਜਸ਼ੀਲ ਸਿੱਖ ਮਿਸ਼ਨ ਹਾਪੁੜ, ਉੱਤਰ ਪ੍ਰਦੇਸ਼ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁ: ਸ੍ਰੀ ਗੁਰੂ ਨਾਨਕ ਦਰਬਾਰ ਚੋਪਲਾ, ਹਾਪੁੜ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਓ. ਐੱਸ. ਡੀ. ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਅਤੇ ਹਾਪੁੜ ਦੇ ਜ਼ਿਲ੍ਹਾ ਜੱਜ ਗੁਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਕਮਿੰਦਰ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਦੇ ਰਾਗੀ ਜਥਿਆਂ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਢਾਡੀ ਭਾਈ ਗੁਰਪ੍ਰੀਤ ਸਿੰਘ ਭੰਗੂ ਦੇ ਜਥੇ ਨੇ ਗੁਰ-ਇਤਿਹਾਸ ਸਰਵਣ ਕਰਵਾਇਆ | ਕਥਾਵਾਚਕ ਭਾਈ ਹਰਮਨਜੀਤ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਇਤਿਹਾਸ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੀ ਗਾਥਾ ਦੀ ਸੰਗਤਾਂ ਨਾਲ ਸਾਂਝੀ ਕੀਤੀ | ਇਸ ਮੌਕੇ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਬਿ੍ਜਪਾਲ ਸਿੰਘ ਦੀ ਪ੍ਰੇਰਨਾ ਨਾਲ ਧਿਆਨ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਭੇਟ ਕੀਤੀ ਗੱਡੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਲਈ ਤਿਆਰ ਕਰਕੇ ਗੁ: ਸ੍ਰੀ ਗੁਰੂ ਨਾਨਕ ਦਰਬਾਰ (ਯੂ. ਪੀ. ਸਿੱਖ ਮਿਸ਼ਨ, ਹਾਪੁੜ) ਨੂੰ ਸੌਂਪੀ ਗਈ | ਇਸ ਪਾਲਕੀ ਸਾਹਿਬ ਨੂੰ ਤਿਆਰ ਕਰਨ ਦੀ ਸੇਵਾ ਬੰਤਾ ਸਿੰਘ ਦੇ ਪਰਿਵਾਰ ਨੇ ਸਮੂਹ ਸੰਗਤ ਦੇ ਸਹਿਯੋਗ ਨਾਲ ਕੀਤੀ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਅਧਿਕਾਰੀ ਪਰਵਿੰਦਰ ਸਿੰਘ ਡੰਡੀ, ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਬਿ੍ਜਪਾਲ ਸਿੰਘ, ਮੁੱਖ ਗ੍ਰੰਥੀ ਗਿਆਨੀ ਪ੍ਰਭਦਿਆਲ ਸਿੰਘ, ਗੁਰਦੁਆਰਾ ਇੰਸਪੈਕਟਰ ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਬੂਟਾ ਸਿੰਘ, ਕਰਮ ਸਿੰਘ, ਬਲਬੀਰ ਸਿੰਘ, ਸਿਮਰਜੀਤ ਸਿੰਘ, ਇਕਬਾਲ ਸਿੰਘ, ਹਰਜੀਤ ਸਿੰਘ, ਰਣਜੋਧ ਸਿੰਘ, ਦਲਜੀਤ ਸਿੰਘ, ਖੇਮ ਸਿੰਘ, ਕਾਹਨ ਸਿੰਘ ਸਮੇਤ ਸੰਗਤਾਂ ਹਾਜ਼ਰ ਸਨ |
ਪ੍ਰਕਾਸ਼ ਪੁਰਬ ਸੰਬੰਧੀ ਸਿੱਖ ਮਿਸ਼ਨ ਹਾਪੁੜ ਵਲੋਂ ਕਰਵਾਇਆ ਗੁਰਮਤਿ ਸਮਾਗਮ
ਅਜੀਤ ਡੈਸਕ
29-12-2025