ਅੰਮਿ੍ਤਸਰ, 28 ਦਸੰਬਰ (ਸੁਰਿੰਦਰ ਕੋਛੜ)-ਸਨਾਤਨ ਸੇਵਾ ਸਮਿਤੀ ਪੰਜਾਬ ਦੀ ਬੱਚਤ ਭਵਨ ਵਿਖੇ ਹੋਈ ਪ੍ਰੈੱਸ ਕਾਨਫ਼ਰੰਸ 'ਚ ਵਿਸ਼ੇਸ਼ ਤੌਰ 'ਤੇ ਪਹੁੰਚੇ ਸੈਰ-ਸਪਾਟਾ ਵਿਭਾਗ ਪੰਜਾਬ ਸਰਕਾਰ ਦੇ ਸਲਾਹਕਾਰ ਦੀਪਕ ਬਾਲੀ ਨੇ ਕਿਹਾ ਕਿ ਸੂਬਾ ਸਰਕਾਰ ਹਰ ਤਰਫ਼ੋਂ ਚੰਗੇ ਕੰਮ ਕਰਨ ਵਾਲਿਆਂ ਦੇ ਨਾਲ ਖੜ੍ਹੀ ਹੈ | ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜਾਤ ਦਿਵਾ ਰਹੀ ਸਨਾਤਨ ਸੇਵਾ ਸਮਿਤੀ ਨੂੰ ਪੰਜਾਬ ਸਰਕਾਰ ਆਪਣਾ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੀ ਹੈ ਅਤੇ ਇਹ ਸਹਿਯੋਗ ਅਗਾਂਹ ਵੀ ਦਿੰਦੀ ਰਹੇਗੀ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਸਨਾਤਨ ਸੇਵਾ ਸਮਿਤੀ ਗਉ ਰੱਖਿਆ 'ਤੇ ਵੀ ਕੰਮ ਕਰੇਗੀ | ਬਾਲੀ ਨੇ ਕਿਹਾ ਕਿ 'ਕਾਉ ਸੈਸ' ਦੀ ਪਿਛਲੇ ਲੰਬੇ ਸਮੇਂ ਤੋਂ ਵਰਤੋਂ ਨਹੀਂ ਹੋਈ ਹੈ, ਜਦਕਿ ਹੁਣ ਉਸ ਦੀ ਵਰਤੋਂ ਗਊਸ਼ਾਲਾਵਾਂ ਨੂੰ ਸੁਧਾਰਨ ਲਈ ਵੀ ਕੀਤੀ ਜਾਵੇਗੀ | ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਸਾਰੇ ਸਨਾਤਨੀ ਕਾਰਕੁਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਮਾਜ ਵਿਚ ਚੰਗੇ ਕੰਮ ਕਰਨ ਦੇ ਪ੍ਰਤੀ ਜਾਗਰੂਕ ਅਤੇ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਪ੍ਰਧਾਨ ਸਨਾਤਨ ਸੇਵਾ ਸਮਿਤੀ ਪੰਜਾਬ ਵਿਜੈ ਸ਼ਰਮਾ, ਸਮਿਤੀ ਦੇ ਮਾਝਾ ਇੰਚਾਰਜ ਪ੍ਰਣਵ ਧਵਨ ਵੀ ਹਾਜ਼ਰ ਸਨ | ਉਕਤ ਆਗੂਆਂ ਵਲੋਂ ਜ਼ਿਲ੍ਹਾ ਅੰਮਿ੍ਤਸਰ ਅਤੇ ਤਰਨਤਾਰਨ ਦੇ ਸਾਰੇ ਅਹੁਦੇਦਾਰਾਂ ਨੂੰ ਉਨ੍ਹਾਂ ਦੇ ਪਦ-ਪੱਤਰ ਵੰਡੇ ਗਏ | ਪ੍ਰਣਵ ਧਵਨ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਸੂਬਾ ਸਰਕਾਰ ਸਨਾਤਨ ਸੇਵਾ ਸਮਿਤੀ ਦੇ ਨਾਲ ਮਿਲ ਕੇ ਕੋਈ ਵੱਡਾ ਧਾਰਮਿਕ ਪ੍ਰੋਗਰਾਮ ਕਰ ਸਕਦੀ ਹੈ | ਮੀਟਿੰਗ ਦੌਰਾਨ ਉਕਤ ਆਗੂਆਂ ਧਵਨ ਨੇ ਅੰਮਿ੍ਤਸਰ ਜ਼ਿਲ੍ਹੇ ਦੇ ਇੰਚਾਰਜ ਦਾ ਪੱਤਰ ਅਸ਼ੋਕ ਕਨੌਜੀਆ ਅਤੇ ਵਰਕਿੰਗ ਪ੍ਰਧਾਨ ਦਾ ਪੱਤਰ ਮਨਰੂਪ ਆਨੰਦ ਤੇ ਅਸ਼ੋਕ ਵਰਮਾ ਨੂੰ ਸੌਂਪਣ ਤੋਂ ਇਲਾਵਾ ਬਾਕੀ ਹਲਕਿਆਂ ਦੇ ਇੰਚਾਰਜਾਂ ਦੀ ਵੀ ਨਿਯੁਕਤੀ ਕੀਤੀ ਗਈ |
ਦੀਪਕ ਬਾਲੀ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਸਨਾਤਨ ਸੇਵਾ ਸਮਿਤੀ ਦੀ ਸ਼ਲਾਘਾ
ਅਜੀਤ ਡੈਸਕ
29-12-2025