ਅਟਾਰੀ, 28 ਦਸੰਬਰ (ਗੁਰਦੀਪ ਸਿੰਘ ਅਟਾਰੀ, ਰਾਜਿੰਦਰ ਸਿੰਘ ਰੂਬੀ)-28 ਦਸੰਬਰ ਨੂੰ ਪਈ ਸੰਘਣੀ ਧੁੰਦ 'ਚ ਗੁਆਂਢੀ ਦੇਸ਼ ਪਾਕਿਸਤਾਨ ਤੋਂ ਦਿਨ ਦਿਹਾੜੇ ਹੀ ਡਰੋਨ ਭਾਰਤ ਦੀ ਸਰਹੱਦ ਅੰਦਰ ਦਾਖਲ ਹੋ ਗਿਆ | ਪਾਕਿਸਤਾਨੀ ਤਸਕਰਾਂ ਵਲੋਂ ਭੇਜਿਆ ਗਿਆ ਡਰੋਨ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਵਿਖੇ ਸਥਿਤ ਕਸਬਾ ਅਟਾਰੀ ਦੇ ਗੁਰਦੁਆਰਾ ਸਾਹਿਬ ਨੀਲਧਾਰੀ ਦੇ ਨਜ਼ਦੀਕ ਡਿਗ ਪਿਆ | ਇਹ ਘਟਨਾ ਦਿਨ ਦਿਹਾੜੇ ਸਮਾਂ ਕਰੀਬ 3 ਵਜੇ ਦੀ ਹੈ | ਲੋਕਾਂ ਦੇ ਦੱਸਣ ਅਨੁਸਾਰ ਡਰੋਨ ਜਦੋਂ ਭਾਰਤ ਤੋਂ ਕਸਬਾ ਅਟਾਰੀ 'ਚੋਂ ਦੀ ਹਵਾ ਵਿਚ ਉਡਦਾ ਪਾਕਿਸਤਾਨ ਸਾਈਡ ਵੱਲ ਜਾ ਰਿਹਾ ਸੀ ਤਾਂ ਉਸ ਦੀਆਂ ਲਾਈਟਾਂ ਚੱਲ ਰਹੀਆਂ ਸਨ | ਹਵਾ 'ਚ ਉੱਡਦੀਆਂ ਪਤੰਗਾਂ ਵੀ ਚਾਈਨਾ ਡੋਰ ਨਾਲ ਉੱਡ ਰਹੀਆਂ ਸਨ ਜਿਸ ਦੌਰਾਨ ਪਾਕਿਸਤਾਨੀ ਡਰੋਨ ਦੇ ਪਰ ਕੱਟੇ ਗਏ ਅਤੇ ਉਹ ਗੁਰਦੁਆਰਾ ਸਾਹਿਬ ਕਲਿਆਣਸਰ ਨੀਲਧਾਰੀ ਦੇ ਨਜ਼ਦੀਕ ਡਿੱਗ ਪਿਆ | ਦਿਨ ਦਿਹਾੜੇ ਪਾਕਿਸਤਾਨੀ ਡਰੋਨ ਡਿੱਗਣ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਪਿੰਡ ਵਾਸੀਆਂ ਨੇ ਇਸ ਦੀ ਸੂਚਨਾ ਸਰਪੰਚ ਹਰਪ੍ਰੀਤ ਸਿੰਘ ਅਟਾਰੀ ਨੂੰ ਦਿੱਤੀ ਜਿਸ ਤੋਂ ਬਾਅਦ ਉਸਨੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਸੰਬੰਧਿਤ ਥਾਣੇ ਦੀ ਪੁਲਿਸ ਵਲੋਂ ਡਰੋਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ | ਲੋਕਾਂ ਦਾ ਕਹਿਣਾ ਸੀ ਕਿ ਸੰਘਣੀ ਧੁੰਦ ਵਿਚ ਐਂਟੀ ਡਰੋਨ ਸਿਸਟਮ ਨੂੰ ਪਾਕਿਸਤਾਨ ਤੋਂ ਆਏ ਡਰੋਨ ਦਾ ਪਤਾ ਨਹੀਂ ਚੱਲਿਆ, ਜਿਸ ਕਾਰਨ ਉਹ ਹੈਰੋਇਨ ਸੁੱਟ ਕੇ ਫਿਰ ਪਾਕਿਸਤਾਨ ਵਾਪਸ ਜਾ ਰਿਹਾ ਸੀ | ਪੁਲਿਸ ਥਾਣਾ ਘਰਿੰਡਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਅਤੇ ਡੀ. ਐੱਸ. ਪੀ. ਅਟਾਰੀ ਯਾਦਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਮਾਮਲੇ ਦੀ ਬਰੀਕੀ ਜਾਂਚ ਕਰ ਰਹੀ ਹੈ |