ਅੰਮਿ੍ਤਸਰ, 30 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ)-ਆਮਦਨ ਕਰ ਵਿਭਾਗ ਨੇ ਟੈਕਸਦਾਤਾ ਜਾਗਰੂਕਤਾ ਅਤੇ ਸਿੱਖਿਆ ਪ੍ਰੋਗਰਾਮ ਕਰਵਾਇਆ | ਇਸ ਪ੍ਰੋਗਰਾਮ ਦਾ ਉਦੇਸ਼ ਗੈਰ-ਮੁਨਾਫ਼ਾ ਸੰਗਠਨਾਂ, ਟਰੱਸਟਾਂ, ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ 'ਤੇ ਲਾਗੂ ਟੈਕਸ ਛੋਟਾਂ ਅਤੇ ਪਾਲਣਾ ਲੋੜਾਂ ਨੂੰ ਉਜਾਗਰ ਕਰਨਾ ਸੀ | ਵੱਖ-ਵੱਖ ਟਰੱਸਟਾਂ, ਸੁਸਾਇਟੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਨਾਲ-ਨਾਲ ਚਾਰਟਰਡ ਅਕਾਊਾਟੈਂਟਾਂ ਅਤੇ ਐਡਵੋਕੇਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਸ ਪ੍ਰੋਗਰਾਮ 'ਚ ਉਤਸ਼ਾਹ ਨਾਲ ਹਿੱਸਾ ਲਿਆ | ਐਸ.ਕੇ. ਮਹਾਜਨ ਮੈਂਬਰ ਬਾਰ ਐਸੋਸੀਏਸ਼ਨ ਬਟਾਲਾ ਨੇ ਆਪਣੇ ਸਾਥੀਆਂ ਦੇ ਨਾਲ ਅੰਮਿ੍ਤਸਰ ਦੇ ਆਮਦਨ ਕਰ ਅਧਿਕਾਰੀ (ਛੋਟਾਂ) ਦੇ ਦੇਵੇਂਦਰ ਯਾਦਵ ਦਾ ਸਵਾਗਤ ਕੀਤਾ ਅਤੇ ਟੈਕਸਦਾਤਾਵਾਂ ਦੀ ਜਾਗਰੂਕਤਾ ਵਧਾਉਣ ਲਈ ਇਸ ਪਹਿਲਕਦਮੀ ਲਈ ਆਮਦਨ ਕਰ ਵਿਭਾਗ ਦੀ ਸ਼ਲਾਘਾ ਕੀਤੀ | ਸ੍ਰੀਮਤੀ ਜੈਸ੍ਰੀ ਸ਼ਰਮਾ ਆਮਦਨ ਕਰ ਕਮਿਸ਼ਨਰ (ਛੋਟ) ਅਤੇ ਸ੍ਰੀਮਤੀ ਅਮਨਪ੍ਰੀਤ ਕੌਰ ਵਧੀਕ ਆਮਦਨ ਕਰ ਕਮਿਸ਼ਨਰ (ਛੋਟ) ਰੇਂਜ-1 ਚੰਡੀਗੜ੍ਹ ਦੇ ਮਾਰਗਦਰਸ਼ਨ ਅਤੇ ਅਗਵਾਈ ਹੇਠ ਦੇਵੇਂਦਰ ਯਾਦਵ ਅਤੇ ਕਮਲ ਚੌਧਰੀ ਆਮਦਨ ਕਰ ਅਧਿਕਾਰੀ ਨੇ ਇਕੱਠ ਨੂੰ ਸੰਬੋਧਨ ਕੀਤਾ | ਅਧਿਕਾਰੀਆਂ ਨੇ ਆਮਦਨ ਕਰ ਐਕਟ, 1961 ਦੇ ਤਹਿਤ ਟਰੱਸਟਾਂ, ਸੁਸਾਇਟੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਨੂੰ ਉਪਲਬਧ ਵੱਖ-ਵੱਖ ਟੈਕਸ ਛੋਟਾਂ, ਰਜਿਸਟਰੇਸ਼ਨ ਪ੍ਰਬੰਧਾਂ ਅਤੇ ਹਾਲ ਹੀ 'ਚ ਸੋਧਾਂ ਬਾਰੇ ਵਿਸਤਿ੍ਤ ਜਾਣਕਾਰੀ ਪ੍ਰਦਾਨ ਕੀਤੀ | ਅਧਿਕਾਰੀਆਂ ਨੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਆਮਦਨ ਕਰ ਪਾਲਣਾ ਅਤੇ ਪ੍ਰਕਿਰਿਆਤਮਕ ਜ਼ਰੂਰਤਾਂ ਬਾਰੇ ਉਨ੍ਹਾਂ ਦੇ ਸ਼ੰਕਿਆਂ ਨੂੰ ਦੂਰ ਕੀਤਾ | ਸੈਸ਼ਨ ਬਹੁਤ ਹੀ ਇੰਟਰਐਕਟਿਵ ਅਤੇ ਜਾਣਕਾਰੀ ਭਰਪੂਰ ਸੀ | ਪ੍ਰੋਗਰਾਮ ਨੂੰ ਸਾਰੇ ਹਾਜ਼ਰੀਨ ਦੁਆਰਾ ਭਰਪੂਰ ਹੁੰਗਾਰਾ ਮਿਲਿਆ |