ਚੋਹਲਾ ਸਾਹਿਬ, 3 ਜੂਨ (ਬਲਵਿੰਦਰ ਸਿੰਘ)-ਕਾਰਗਿਲ ਵਿਜੈ ਦਿਵਸ ਦੇ 26ਵੇਂ ਮੌਕੇ 'ਤੇ ਭਾਰਤੀ ਫ਼ੌਜ ਵਲੋਂ ਭਾਰਤ ਦੇ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਜਾਗਰੂਕਤਾ ਮੁਹਿੰਮਾਂ ਕਰਵਾਈਆਂ ਗਈਆਂ | ਇਸ ਦੌਰਾਨ 1999 ਦੇ ਕਾਰਗਿਲ ਯੁੱਧ ਵਿਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ, ਜਿਸ ਵਿਚ ਫੌਜ ਦੇ ਸੀਨੀਅਰ ਅਧਿਕਾਰੀ, ਸਾਬਕਾ ਫੌਜੀ, ਪ੍ਰਸ਼ਾਸਨਿਕ ਅਧਿਕਾਰੀ ਤੇ ਵੱਡੀ ਗਿਣਤੀ 'ਚ ਆਮ ਨਾਗਰਿਕ ਵੀ ਸ਼ਾਮਿਲ ਹੋਏ |ਇਸ ਜਾਗਰੂਕਤਾ ਮੁਹਿੰਮ ਤਹਿਤ ਭਾਰਤੀ ਫੌਜ ਦੇ ਜਾਂਬਾਜ ਸੈਨਿਕ ਫੌਜੀ ਅਨੁਸ਼ਾਸਨ ਨਾਲ ਸ਼ਹੀਦਾਂ ਦੇ ਘਰ ਗਏ, ਉਨ੍ਹਾਂ ਦੀ ਬਹਾਦਰੀ ਨੂੰ ਯਾਦ ਕੀਤਾ ਗਿਆ ਤੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸੇ ਤਹਿਤ ਹੀ ਪਿੰਡ ਰਾਣੀਵਲਾਹ ਦੇ ਕਾਰਗਿਲ ਸ਼ਹੀਦ ਨਾਇਬ ਸੂਬੇਦਾਰ ਕਰਨੈਲ ਸਿੰਘ (ਵੀਰ ਚੱਕਰ) ਦੇ ਪਰਿਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ਚੋਹਲਾ ਸਾਹਿਬ ਵਿਖੇ ਫੌਜ ਦੇ ਜਵਾਨਾਂ ਵਲੋਂ ਪਹੁੰਚ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੀ ਪਤਨੀ ਰਣਜੀਤ ਕੌਰ ਨੇ ਆਪਣੇ ਪਤੀ ਦੀ ਸ਼ਹਾਦਤ 'ਤੇ ਮਾਣ ਕਰਦਿਆਂ ਕਿਹਾ ਕਿ ਪਤੀ ਤਾਂ ਖੋ ਦਿੱਤਾ, ਪਰ ਅੱਜ ਲੱਗਾ ਕਿ ਮੇਰਾ ਪਰਿਵਾਰ ਇਕੱਲਾ ਨਹੀਂ ਹੈ | ਪੂਰੀ ਭਾਰਤੀ ਫੌਜ ਉਸ ਦੇ ਨਾਲ ਖੜੀ ਹੈ | ਉਨ੍ਹਾਂ ਨੇ ਇਸ ਸਨਮਾਨ ਲਈ ਭਾਰਤੀ ਫੌਜ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ, ਜਿਨਾਂ ਨੇ ਉਨ੍ਹਾਂ ਦੇ ਪਤੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਘਰ ਪਹੁੰਚ ਕੇ ਇਹ ਸਨਮਾਨ ਉਨ੍ਹਾਂ ਨੂੰ ਦਿੱਤਾ ਹੈ | ਚੋਹਲਾ ਸਾਹਿਬ ਸ਼ਹੀਦ ਕਰਨੈਲ ਸਿੰਘ ਦੇ ਗ੍ਰਹਿ ਪੁੱਜੇ ਫੌਜ ਦੇ ਜਵਾਨਾਂ ਨੇ ਦੱਸਿਆ ਕਿ ਇਹ ਆਯੋਜਨ ਸਿਰਫ ਇਕ ਰਸਮ ਨਹੀਂ ਸੀ, ਸਗੋਂ ਇਹ ਸਨੇਹਾ ਸੀ ਕਿ ਦੇਸ਼ ਆਪਣੇ ਸ਼ਹੀਦਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਦੇ ਨਹੀਂ ਭੁਲਾਉਂਦਾ | ਉਨ੍ਹਾਂ ਦੀ ਕੁਰਬਾਨੀ ਭਾਰਤ ਦੀ ਆਤਮਾ ਵਿਚ ਵੱਸਦੀ ਹੈ |