ਘਰ 'ਚੋਂ ਸਾਮਾਨ ਚੋਰੀ ਕਰਨ 'ਤੇ ਮਾਮਲਾ ਦਰਜ
ਅਜੀਤ ਡੈਸਕ
05-06-2025
ਤਰਨ ਤਾਰਨ, 4 ਜੂਨ (ਪਰਮਜੀਤ ਜੋਸ਼ੀ)-ਘਰ ਵਿਚੋਂ ਸਮਾਨ ਚੋਰੀ ਕਰਨ 'ਤੇ ਥਾਣਾ ਸਦਰ ਤਰਨ ਤਾਰਨ ਪੁਲਿਸ ਨੇ 2 ਵਿਅਕਤੀਆਂ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਦਰ ਤਰਨ ਤਾਰਨ ਵਿਖੇ ਰਣਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮੰਮਣਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ 30 ਮਈ ਨੂੰ ਉਹ ਸਾਰਾ ਪਰਿਵਾਰ ਆਪਣੇ ਰਿਸਤੇਦਾਰਾਂ ਕੋਲ ਗਏ ਹੋਏ ਸੀ ਤੇ ਆਪਣੇ ਘਰ ਨੂੰ ਤਾਲਾ ਲਗਾਇਆ ਹੋਇਆ ਸੀ | ਜਦ ਉਹ 2 ਜੂਨ ਸ਼ਾਮ ਨੂੰ ਆਪਣੇ ਘਰ ਆਏ ਤਾਂ ਦੇਖਿਆ ਘਰ ਦੀ ਰਸੋਈ ਦੇ ਦਰਵਾਜੇ ਦੀਆਂ ਕੁੰਡੀਆਂ ਟੁੱਟੀਆਂ ਹੋਈਆਂ ਸਨ ਅਤੇ ਘਰ ਦੇ ਅੰਦਰ ਕਮਰੇ ਵਿਚ ਵੀ ਸਮਾਨ ਖਿਲਰਿਆ ਹੋਇਆ ਸੀ | ਉਸਨੇ ਘਰ ਦਾ ਸਾਰਾ ਸਮਾਨ ਦੇਖਿਆ ਤਾਂ ਘਰ ਦੀ ਰਸੋਈ ਵਿਚੋਂ ਇੰਡੈਕਸਨ ਚੁੱਲਾ, ਗੈਸ ਸਿਲੰਡਰ, ਅਲਮਾਰੀ ਵਿਚੋਂ 5-6 ਤੋਲੇ ਸੋਨਾ, ਆਰਟੀਫਿਸਲ ਗਹਿਣੇ, ਕੀਮਤੀ ਗੁੱਟ ਘੜੀਆਂ-2 ਲੇਡੀਜ, 10 ਹਜ਼ਾਰ ਨਕਦੀ ਅਤੇ ਹੋਰ ਸਮਾਨ ਵਗੈਰਾ ਗਾਇਬ ਸੀ | ਬਾਅਦ ਵਿਚ ਉਨ੍ਹਾਂ ਨੇ ਆਪਣੇ ਗਵਾਂਢੀਆਂ ਦੇ ਸੀ.ਸੀ.ਟੀ.ਵੀ. ਕੈਮਰੇ ਚੈਕ ਕੀਤੇ ਤਾਂ ਪਤਾ ਲੱਗਾ ਕਿ ਗੁਰਸੇਵਕ ਸਿੰਘ, ਉਸਦਾ ਭਰਾ ਗੋਪੀ ਪੁੱਤਰਾਨ ਗੁਰਭੇਜ ਸਿੰਘ ਤੋਂ ਇਲਾਵਾ 4-5 ਅਣਪਛਾਤੇ ਵਿਅਕਤੀਆਂ ਵਲੋਂ ਇਹ ਚੋਰੀ ਕੀਤੀ ਗਈ ਹੈ | ਜਾਂਚ ਅਧਿਕਾਰੀ ਏ.ਐੱਸ.ਆਈ. ਸਤਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ |