ਖੇਮਕਰਨ, 1 ਸਤੰਬਰ (ਰਾਕੇਸ਼ ਬਿੱਲਾ)-ਸਰਹੱਦੀ ਖੇਤਰ ਦੇ ਪਿੰਡਾਂ ਮਹਿੰਦੀਪੁਰ ਤੇ ਮੀਆਂਵਾਲਾ 'ਚ ਐਨ ਸਰਹੱਦ 'ਤੇ ਕੰਡਿਆਲੀ ਤਾਰ ਦੇ ਨਾਲ ਪੈਂਦੇ ਬੰਨ ਨੂੰ ਸਤਲੁਜ ਦਰਿਆ ਦਾ ਪਾਕਿਸਤਾਨ ਤਰਫੋਂ ਆ ਰਿਹਾ ਹੜ੍ਹ ਦਾ ਪਾਣੀ ਢਾਹ ਲਾ ਰਿਹਾ ਹੈ | ਪਿੰਡਾਂ ਦੇ ਵਾਸੀ ਲਗਾਤਾਰ ਬੰਨ ਦੀ ਰਾਖੀ 'ਚ ਡੱਟੇ ਹੋਏ ਹਨ | ਇਸੇ ਦੌਰਾਨ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਨੇ ਸਾਥੀਆਂ ਸਮੇਤ ਬੰਨ੍ਹ ਦਾ ਦੌਰਾ ਕੀਤਾ ਤੇ ਬੰਨ੍ਹਾਂ 'ਤੇ ਬੈਠੇ ਕਿਸਾਨਾਂ ਨਾਲ ਮੁਲਾਕਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਉਹ ਅੱਜ ਹੀ ਵਿਦੇਸ਼ 'ਚੋ ਵਾਪਸ ਆਏ ਹਨ ਤੇ ਤੁਰੰਤ ਇੱਥੇ ਆਪਣੇ ਇਲਾਕੇ ਦੇ ਕਿਸਾਨਾਂ ਨੂੰ ਸੰਕਟ ਸਮੇਂ ਮਿਲਣ ਲਈ ਆਏ ਹਨ | ਜਿਸ ਦਿਨ ਪਾਣੀ ਆਇਆ ਸੀ, ਉਨ੍ਹਾਂ ਨੇ ਵਿਦੇਸ਼ 'ਚੋਂ ਤੁਰੰਤ ਕਾਂਗਰਸੀ ਆਗੂਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਸਨ, ਜਿਸ ਦੇ ਚਲਦਿਆਂ ਪਾਰਟੀ ਦੇ ਵਰਕਰ ਲਗਾਤਾਰ ਇੱਥੇ ਆ ਕੇ ਕਿਸਾਨਾਂ ਦੇ ਨਾਲ ਡਟੇ ਰਹੇ | ਉਨ੍ਹਾਂ ਪੀੜਤ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਕਿ ਕਾਂਗਰਸ ਪਾਰਟੀ ਸੰਕਟ ਸਮੇਂ ਇਲਾਕਾ ਵਾਸੀਆਂ ਦੇ ਨਾਲ ਹੈ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ | ਸਾਬਕਾ ਵਿਧਾਇਕ ਭੁੱਲਰ ਨੇ ਇਹ ਖੁਲਾਸਾ ਕੀਤਾ ਕਿ ਉਨ੍ਹਾਂ ਕਾਂਗਰਸ ਸਰਕਾਰ ਦੌਰਾਨ ਇੱਥੇ ਪੱਕਾ ਕੰਕਰੀਟ ਦਾ ਬੰਨ੍ਹ ਕਸੂਰੀ ਨਾਲੇ ਦੇ ਪਾਣੀ ਦੇ ਵਹਾਅ ਨੂੰ ਰੋਕਣ ਲਈ ਤੇ ਹਥਾੜ 'ਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਜਮੀਨਦੋਜ਼ ਪਾਈਪਾਂ ਦਾ ਪ੍ਰਾਜੈਕਟ ਮੰਨਜ਼ੂਰ ਕਰਵਾ ਕੇ ਖ਼ਰਚਾ ਵੀ ਪਾਸ ਕਰਵਾ ਲਿਆ ਸੀ, ਪਰ ਸਰਕਾਰ ਬਦਲਣ ਕਰਕੇ ਕੰਮ ਚਾਲੂ ਨਹੀਂ ਹੋ ਸਕਿਆ | ਪਿੰਡ ਮਹਿੰਦੀਪੁਰ ਦੇ ਕੁਝ ਮੁਹਤਬਰ ਵਿਅਕਤੀ ਉਸ ਪ੍ਰਾਜੈਕਟ ਨੂੰ ਚਾਲੂ ਕਰਵਾਉਣ ਲਈ ਪਿਛਲੇ ਤਿੰਨਾਂ ਸਾਲਾਂ ਤੋਂ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਰਹੇ ਹਨ, ਪਰ ਅਫਸੋਸ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਹੁਣ ਪਿੰਡ ਮੀਆਂਵਾਲਾ ਦਾ ਬੰਨ ਉਸੇ ਜਗ੍ਹਾ ਤੋਂ ਟੁੱਟਾ ਹੈ, ਜਿੱਥੇ ਕਸੂਰੀ ਨਾਲੇ ਦੇ ਪਾਣੀ ਦੀ ਮਾਰ ਤੋਂ ਬੰਨ ਨੂੰ ਬਚਾਉਣ ਲਈ ਉਕਤ ਪ੍ਰਾਜੈਕਟ ਪਿੰਡਾਂ ਵਾਸੀਆਂ ਦੀ ਸਹਿਮਤੀ ਨਾਲ ਉਲੀਕਿਆ ਗਿਆ ਸੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੰਨ ਨੂੰ ਮਜ਼ਬੂਤ ਕਰਵਾਉਣ ਲਈ ਫੰਡ ਤੁਰੰਤ ਰਿਲੀਜ ਕੀਤੇ ਜਾਣ ਤੇ ਨਾਲ ਉਲੀਕਿਆ ਹੋਇਆ ਪ੍ਰਾਜੈਕਟ ਵੀ ਚਾਲੂ ਕੀਤਾ ਜਾਵੇ | ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਸਰਪੰਚ ਦਵਿੰਦਰ ਸਿੰਘ ਵਲਟੋਹਾ, ਸਰਪੰਚ ਮੇਜਰ ਸਿੰਘ ਕਲਸ, ਦਿਲਬਾਗ ਸਿੰਘ ਹਵੇਲੀਆਂ ਮਹਿੰਦੀਪੁਰ, ਚੇਅਰਮੈਨ ਕੁਲਦੀਪ ਸਿੰਘ ਵਿਰਕ, ਕੌਂਸਲਰ ਗੁਰਬੀਰ ਸਿੰਘ ਖੇੜਾ,ਸਰਪੰਚ ਪ੍ਰਤਾਪ ਸਿੰਘ ਮਾਛੀਕੇ,ਸਰਪੰਚ ਸਤਨਾਮ ਸਿੰਘ,ਸਰਪੰਚ ਮੱਘਰ ਸਿੰਘ ਆਸਲ,ਸਾਬਕਾ ਪ੍ਰਧਾਨ ਆਲਮ ਵਿੱਜੇ ਸਿੰਘ ਪੱਤੂ, ਗੁਰਮੇਲ ਸਿੰਘ ਟੋਨੀ, ਕੁਲਬੀਰ ਸਿੰਘ ਸਰਪੰਚ, ਚੜਤ ਸਿੰਘ, ਹਰਮਿਲਾਪ ਸਿੰਘ, ਦਲਵਿੰਦਰ ਸਿੰਘ, ਗੁਰਮੇਲ ਸਿੰਘ, ਬਾਜ਼ ਸਿੰਘ ਸਰਪੰਚ, ਸਾਹਿਬ ਸਿੰਘ ਸਰਪੰਚ, ਕੁਲਦੀਪ ਸਿੰਘ ਸਰਪੰਚ, ਖਜਾਨ ਸਿੰਘ ਸਰਪੰਚ, ਗੁਰਭੇਜ ਸਿੰਘ ਫੱਕੜ, ਦਿਲਬਾਗ ਸਿੰਘ ਪੱਤੂ, ਵਿਕਾਸ ਵਿੱਜ, ਅੰਗਰੇਜ਼ ਸਿੰਘ ਪੱਤੂ, ਹਰਪਾਲ ਸਿੰਘ ਭੁੱਲਰ, ਗੁਰਜੰਟ ਸਿੰਘ ਖੇਮਕਰਨ, ਭਲਵਾਨ ਬਲਵੀਰ ਸਿੰਘ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |