ਚੋਹਲਾ ਸਾਹਿਬ, 1 ਸਤੰਬਰ (ਬਲਵਿੰਦਰ ਸਿੰਘ)-ਦਰਿਆ ਰਾਵੀ ਦੀ ਮਾਰ ਹੇਠ ਆਏ ਇਲਾਕਿਆਂ ਵਿਚੋਂ ਅਜਨਾਲਾ, ਰਮਦਾਸ ਅਤੇ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਕਈ ਪਿੰਡਾਂ ਅਤੇ ਬਹਿਕਾਂ 'ਤੇ ਵੱਸੇ ਬਹੁਤ ਸਾਰੇ ਲੋਕ ਅੱਜ 5 ਦਿਨ ਬੀਤ ਜਾਣ ਤੱਕ ਵੀ ਪਾਣੀ ਵਿਚ ਘਿਰੇ ਹੋਏ ਹਨ | ਭਾਵੇਂ ਵੱਖ-ਵੱਖ ਸੰਸਥਾਵਾਂ ਤੇ ਸੇਵਕ ਜਥਿਆਂ ਵਲੋਂ ਲੰਗਰ ਅਤੇ ਹੋਰ ਰਾਸ਼ਨ ਸਮੱਗਰੀ ਪਹੁੰਚ ਰਹੀ ਹੈ | ਪ੍ਰੰਤੂ ਅਗਨਬੋਟ ਘੱਟ ਹੋਣ ਕਰਕੇ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਕਰਨੀ ਮੁਸ਼ਕਿਲ ਹੋ ਰਹੀ ਸੀ | ਨਾਲ ਹੀ ਲੋਕਾਂ ਨੂੰ ਪਾਣੀ ਵਿਚੋਂ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣਾ ਵੀ ਇਸ ਮੌਕੇ ਦਾ ਇਕ ਵੱਡਾ ਤੇ ਅਤਿ ਲੋੜੀਂਦਾ ਕਾਰਜ ਹੈ, ਜਿਸ ਲਈ ਵਧੇਰੇ ਅਗਨਬੋਟਸ ਦੀ ਤੁਰੰਤ ਲੋੜ ਮਹਿਸੂਸ ਕੀਤੀ ਗਈ | ਇਸ ਲੋੜ ਨੂੰ ਮੁੱਖ ਰੱਖਦਿਆਂ ਅੱਜ ਸੰਤ ਬਾਬਾ ਸੁੱਖਾ ਸਿੰਘ ਦੇ ਹੁਕਮ ਨਾਲ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਇਕ ਹੋਰ ਅਗਨਬੋਟ ਖਰੀਦ ਕੇ ਅਜਨਾਲਾ ਇਲਾਕੇ ਦੇ ਲੋਕਾਂ ਵੱਲ ਮਦਦ ਲਈ ਭੇਜਿਆ ਗਿਆ | ਪਿਛਲੇ ਦਿਨਾਂ ਤੋਂ ਇਸ ਇਲਾਕੇ ਵਿਚ ਦੋ ਅਗਨਬੋਟ ਪਹਿਲਾਂ ਹੀ ਸੇਵਾ ਵਿਚ ਵਰਤੇ ਜਾ ਰਹੇ ਹਨ, ਜਿਨਾਂ ਵਿਚੋਂ ਇਕ ਡੇਰਾ ਬਾਬਾ ਨਾਨਕ ਅਤੇ ਦੂਜਾ ਅਜਨਾਲਾ ਇਲਾਕੇ ਵਿਚ ਹੈ ਤੇ ਹੁਣ ਅਜਨਾਲਾ ਇਲਾਕੇ ਵਿਚ ਸੰਪਰਦਾਇ ਵਲੋਂ ਦੋ ਅਗਨਬੋਟ ਲੋਕਾਂ ਦੀ ਸੇਵਾ ਵਿਚ ਚੱਲ ਪਏ ਹਨ | ਜਥੇਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਪਿੰਡ ਹਰੜ ਖੁਰਦ ਜੋ ਪਾਣੀ ਨਾਲ ਪੂਰੀ ਤਰ੍ਹਾਂ ਘਿਰਿਆ ਹੋਇਆ ਹੈ, ਉੱਥੇ ਸੰਪਰਦਾਇ ਦੇ ਸੇਵਾਦਾਰ ਲਗਾਤਾਰ ਲੋਕਾਂ ਨੂੰ ਅਗਨ ਬੋਟਾਂ ਅਤੇ ਕਿਸ਼ਤੀਆਂ ਦੀ ਸਹਾਇਤਾ ਨਾਲ ਬਾਹਰ ਕੱਢ ਕੇ ਸੁਰੱਖਿਤ ਥਾਵਾਂ ਵੱਲ ਭੇਜ ਰਹੇ ਹਨ, ਉਨ੍ਹਾਂ ਦੱਸਿਆ ਕਿ ਅੱਜ ਇਸ ਪਿੰਡ ਦੀ ਇਕ ਲੜਕੀ ਬਹੁਤ ਬਿਮਾਰੀ ਦੀ ਹਾਲਤ ਵਿਚ ਸੀ, ਜਿਸ ਨੂੰ ਅਗਨਬੋਟ ਰਾਹੀਂ ਉਸ ਦੇ ਪਾਣੀ ਵਿਚ ਘਿਰੇ ਘਰ 'ਚੋਂ ਬਾਹਰ ਕੱਢਿਆ ਗਿਆ ਅਤੇ ਸੰਪਰਦਾਇ ਦੀ ਗੱਡੀ ਰਾਹੀਂ ਅਜਨਾਲਾ ਭੇਜ ਕੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ | ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਇਲਾਕੇ ਵਿਚ 3 ਹਫ਼ਤਿਆਂ ਤੋਂ ਨਿਰੰਤਰ ਰਾਹਤ ਸਮੱਗਰੀ ਅਤੇ ਲੰਗਰਾਂ ਦੀ ਸੇਵਾ ਚੱਲ ਰਹੀ ਹੈ | ਇਸ ਦੇ ਨਾਲ ਹੀ ਹਰੀਕੇ ਪੱਤਣ ਦੇ ਨੇੜੇ੍ਹ ਪਿੰਡ ਘੜੁੰਮ ਅਤੇ ਮਰੜ ਵਿਖ਼ੇ ਬੰਨ੍ਹ ਦੀ ਮਜ਼ਬੂਤੀ ਦਾ ਕੰਮ ਚੱਲ ਰਿਹਾ, ਜਿੱਥੇ ਰੋਜ਼ਾਨਾ ਸੰਪਰਦਾਇ ਕਾਰ ਸੇਵਾ ਦੇ ਜਥੇਦਾਰ ਸੰਗਤਾਂ ਸਮੇਤ ਪਹੁੰਚ ਕੇ ਸੇਵਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹਨਾਂ ਕਾਰਜਾਂ ਵਿਚ ਜਥੇਦਾਰ ਬਲਦੇਵ ਸਿੰਘ, ਜਥੇਦਾਰ ਠੱਠਾ, ਜਥੇ. ਗੁਰਚੇਤ ਸਿੰਘ, ਜਥੇ. ਹਾਜ਼ਰ ਸਿੰਘ, ਜਥੇ. ਗੁਰਪ੍ਰੀਤ ਸਿੰਘ, ਡਾ. ਲਖਬੀਰ ਸਿੰਘ, ਵੀਰਪਾਲ ਸਿੰਘ, ਜਥੇ. ਸੁਖਬੀਰ ਸਿੰਘ, ਬਲਵਿੰਦਰ ਸਿੰਘ ਜਗਤਪੁਰਾ, ਜੋਬਨਜੀਤ ਸਿੰਘ ਦਿਆਲ ਭੜੰਗ, ਮਨਜੀਤ ਸਿੰਘ, ਗੁਰਸ਼ਾਨ ਸਿੰਘ, ਸੁਖਮਨ ਸਿੰਘ, ਮਲਕੀਤ ਸਿੰਘ ਚੱਠਾ ਆਦਿ ਦਿਨ ਰਾਤ ਸੇਵਾਵਾਂ ਵਿਚ ਆਪਣਾ ਯੋਗਦਾਨ ਪਾ ਰਹੇ ਹਨ |