ਖੇਮਕਰਨ, 2 ਸਤੰਬਰ (ਰਾਕੇਸ਼ ਬਿੱਲਾ)-ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਹੋਰ ਵੱਧਣ ਕਰਕੇ ਸਰਹੱਦੀ ਪਿੰਡ ਮਹਿੰਦੀਪੁਰ ਦਾ ਧੁੰਸੀ ਬੰਨ ਜਿਹੜਾ ਕੰਡਿਆਲੀ ਤਾਰ ਦੇ ਨਾਲ-ਨਾਲ ਹੈ, ਉਸ ਬੰਨ ਨਾਲ ਪਾਣੀ ਦਾ ਪੱਧਰ ਹੋਰ ਵੱਧਣ ਲੱਗ ਪਿਆ ਹੈ, ਜਿਸ ਨਾਲ ਕਿਸਾਨਾਂ ਦੇ ਸਾਹ ਹੋਰ ਸੂਤੇ ਜਾ ਰਹੇ ਹਨ | ਸਰਹੱਦ ਦੇ ਨਾਲ ਕੰਡਿਆਲੀ ਤਾਰ ਪਾਣੀ 'ਚ ਡੁੱਬੀ ਪਈ ਹੈ | ਤਾਰ ਤੋਂ ਪਾਰ ਸਾਰੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ | ਸਰਹੱਦੀ ਪਿੰਡ ਮੀਆਂਵਾਲਾ ਤੇ ਮਹਿੰਦੀਪੁਰ ਦੇ ਕਿਸਾਨ ਲਗਾਤਾਰ ਦਿਨ ਰਾਤ ਬੰਨ ਦੀ ਰਾਖੀ ਕਰ ਰਹੇ ਹਨ, ਕਿਉਂਕਿ ਪਿੰਡ ਮੀਆਂਵਾਲਾ ਵਾਲਾ ਬੰਨ ਬੀਤੇ ਦਿਨੀਂ ਟੁੱਟ ਗਿਆ ਸੀ, ਜਿਸ ਨੂੰ ਲੋਕਾਂ ਨੇ ਬੜੀ ਜਦੋ-ਜਹਿਦ ਨਾਲ ਮੁੜ ਬੰਨਿਆ ਹੈ | ਉੱਧਰ ਪਾਸੇ ਗੁਆਂਢੀ ਪਾਕਿਸਤਾਨ ਦੇ ਸਰਹੱਦ ਨਾਲ ਲੱਗਦੇ ਪਿੰਡ ਵੀ ਪਾਣੀ 'ਚ ਘਿਰੇ ਨਜ਼ਰ ਆ ਰਹੇ ਹਨ | ਪਾਕਿਸਤਾਨੀ ਸਹਿਜਰਾ ਸੈਕਟਰ ਦੇ ਪਿੰਡ ਰੋਹੀਵਾਲ, ਕਾਮਲ ਵਾਲਾ, ਸ਼ੇਖੂਪੁਰਾ, ਧੁੱਪਸੜੀ, ਛਾਂਟਾ ਤੇ ਮੱਬੋਕੇ ਆਦਿ 'ਚ ਪਾਣੀ ਵੜਿਆ ਹੋਇਆ ਹੈ | ਇਨ੍ਹਾਂ 'ਚ ਕੁੱਝ ਪਿੰਡ ਖਾਲੀ ਕਰਵਾਏ ਗਏ ਹਨ, ਉੱਧਰ ਵੀ ਸਾਰੇ ਇਲਾਕੇ 'ਚ ਪਾਣੀ ਨਜ਼ਰ ਆ ਰਿਹਾ ਹੈ | ਸਿਰਫ ਸਹਿਜਰਾ ਸ਼ਹਿਰ ਕਾਫ਼ੀ ਉੱਚਾ ਹੋਣ ਕਰਕੇ ਦਰਿਆ ਸਤਲੁੱਜ ਦੇ ਪਾਣੀ ਦੀ ਮਾਰ ਤੋਂ ਬਚਿਆ ਨਜ਼ਰ ਆ ਰਿਹਾ ਹੈ, ਪਰ ਹੇਠਲੇ ਇਲਾਕੇ 'ਚ ਪਾਣੀ ਬਹੁਤ ਹੈ | ਸਹਿਜਰੇ ਨਾਲ ਡਰੇਨ ਦਾ ਬੰਨ ਟੁੱਟਣ ਕਰਕੇ ਪਾਣੀ ਜ਼ਿਆਦਾ ਪਿੰਡ ਮਹਿੰਦੀਪੁਰ ਦੇ ਬੰਨ ਵੱਲ ਸਿੱਧਾ ਆਉਣ ਲੱਗ ਪਿਆ ਹੈ, ਜਿਸ ਕਾਰਨ ਬੰਨ ਦੀ ਰੱਖਿਆ ਪਿੰਡ ਦੇ ਕਿਸਾਨ ਦਿਨ ਰਾਤ ਕਰ ਰਹੇ ਹਨ | ਜੇਕਰ ਇਸ ਬੰਨ ਨੂੰ ਖਤਰਾ ਹੋਇਆ ਤਾਂ ਹਜ਼ਾਰਾਂ ਏਕੜ ਰਕਬੇ ਦੇ ਡੁੱਬਣ ਦਾ ਖਤਰਾ ਹੈ | ਪਿੰਡ ਦੇ ਸਰਪੰਚ ਤੇ ਕਿਸਾਨ ਆਗੂ ਪ੍ਰਗਟ ਸਿੰਘ ਭੱਸੀ ਨੇ ਦੱਸਿਆ ਕਿ ਹਰੀਕੇ ਹੈੱਡ ਤੇ ਪਾਣੀ ਹੋਰ ਵੱਧਦਾ ਜਾ ਰਿਹਾ ਹੈ, ਜਿਸ ਨਾਲ ਸਾਡੇ ਇਲਾਕੇ ਦੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵੱਧ ਗਈਆਂ ਹਨ, ਕਿਉਂਕਿ ਪਾਣੀ ਦਾ ਪੱਧਰ ਵੱਧਣ ਲੱਗ ਪਿਆ ਹੈ, ਪਰ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਤੇ ਹੋਰਨਾਂ ਸੱਜਣਾਂ ਵਲੋਂ ਮਦਦ ਦੇਣ ਨਾਲ ਬੰਨ੍ਹ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ | ਬੰਨ੍ਹ ਦੀਆਂ ਕਮਜੋਰ ਜਗ੍ਹਾ 'ਤੇ ਲਗਾਤਾਰ ਮਿੱਟੀ ਪਾਈ ਜਾ ਰਹੀ ਹੈ | ਇਸ ਦੇ ਨਾਲ ਬੰਨ੍ਹ ਦੇ ਅੰਦਰ ਜਿਹੜੀਆਂ ਜ਼ਮੀਨਾਂ 'ਚ ਪਾਣੀ ਆ ਗਿਆ ਹੈ | ਉਨ੍ਹਾਂ ਜ਼ਮੀਨਾਂ 'ਚਾੋ ਪਾਣੀ ਕੱਢਿਆ ਜਾ ਰਿਹਾ ਹੈ, ਤਾਂ ਜੋ ਫ਼ਸਲ ਜ਼ਿਆਦਾ ਨੁਕਸਾਨ ਹੋਣ ਤੋਂ ਬੱਚ ਜਾਣ | ਫਿਲਹਾਲ ਬੰਨ੍ਹ ਨੂੰ ਅਜੇ ਕੋਈ ਖ਼ਤਰਾ ਨਹੀ ਹੈ, ਪਰ ਪਾਣੀ ਦਾ ਪੱਧਰ ਵੱਧਣ ਨਾਲ ਸਰਹੱਦ ਤੇ ਬੰਨ ਤੋਂ ਅੱਗੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ | ਦੋਨਾਂ ਦੇਸ਼ਾਂ ਦੀ ਸਰਹੱਦ ਕਿਤੇ ਨਜ਼ਰ ਨਹੀਂ ਆ ਰਹੀ | ਇਸੇ ਦੌਰਾਨ ਬੰਨ੍ਹ ਦਾ ਦੌਰਾ ਕਰਨ 'ਤੇ ਦੇਖਿਆ ਕਿ ਸਰਹੱਦ ਤੋਂ ਪਾਰ ਪਾਕਿਸਤਾਨ ਵਾਲੇ ਪਾਸੇ ਭਾਵੇਂ ਕਿ ਪਿੰਡ ਛੋਟੇ ਹਨ, ਪਰ ਪਾਣੀ ਭਰਨ ਕਰਕੇ ਪਾਕਿਸਤਾਨੀ ਪਿੰਡਾਂ ਦੇ ਵਾਸੀ ਸਰਹੱਦ ਨਾਲ ਲੱਗਦੇ ਬੰਨਾਂ 'ਤੇ ਆ ਕੇ ਬੈਠੇ ਨਜ਼ਰ ਆ ਰਹੇ ਹਨ | ਪਾਕਿਸਤਾਨੀ ਰੇਂਜਰਾਂ ਦੀਆਂ ਕੁਝ ਸੀਮਾ ਆਸਾਮੀਆਂ ਵੀ ਪਾਣੀ 'ਚ ਘਿਰੀਆਂ ਹੋਈਆਂ ਹਨ | ਇਸ ਕਰਕੇ ਸਰਹੱਦ ਦੇ ਦੋਨਾਂ ਪਾਸੇ ਜਨਤਾ ਪਾਣੀ ਦੀ ਮਾਰ ਝੇਲ ਰਹੀਆਂ ਹਨ |