ਬਾਰਡਰ ਜ਼ੋਨ ਦੇ 80 ਤੋਂ ਵਧੇਰੇ ਪਿੰਡਾਂ ਦੀ ਬਿਜਲੀ ਸਪਲਾਈ ਠੱਪ <br/>
ਅਜੀਤ ਡੈਸਕ
03-09-2025
ਇਸ ਸੰਬੰਧੀ ਬਾਰਡਰ ਜ਼ੋਨ ਦੇ ਚੀਫ ਇੰਜ: ਦੇਸ ਰਾਜ ਬਾਂਗੜ ਨੇ ਦੱਸਿਆ ਕਿ ਹੜ੍ਹਾਂ ਕਰਕੇ ਬਾਰਡਰ ਜ਼ੋਨ ਦੇ ਕੁੱਲ 6 ਸਬ ਸਟੇਸ਼ਨ 66 ਕੇ. ਵੀ. ਬੰਦ ਹੋ ਗਏ ਸਨ ਜਿਨ੍ਹਾਂ 'ਚ ਗਹਿਰੀ, ਬਾਮਣੀ, ਡੇਰਾ ਬਾਬਾ ਨਾਨਕ, ਸ਼ਹਿਜਾਦਾ ਕਲਾਂ, ਰਮਦਾਸ ਅਤੇ ਗੱਗੋਮਾਹਲ ਸਨ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਸਬ ਸਟੇਸ਼ਨਾਂ ਤੱਕ ਵੀ ਪਾਣੀ ਪਹੁੰਚ ਗਿਆ ਸੀ ਪਰ ਮੁਲਾਜਮਾਂ ਅਤੇ ਇਲਾਕਾਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੂੰ ਬਚਾਉਣ 'ਚ ਕਾਮਯਾਬ ਹੋ ਗਏ ਪਰ ਪਾਣੀ ਦੀ ਰਫਤਾਰ ਤੇਜ ਹੋਣ ਕਰਕੇ ਉਕਤ ਸਬ ਸਟੇਸ਼ਨਾਂ 'ਚ ਪਾਣੀ ਭਰ ਗਿਆ ਸੀ | ਉਨ੍ਹਾਂ ਦੱਸਿਆ ਕਿ ਹੁਣ ਤੱਕ ਗਹਿਰੀ, ਬਾਮਣੀ, ਡੇਰਾ ਬਾਬਾ ਨਾਨਕ, ਸ਼ਹਿਜਾਦਾ ਕਲਾਂ ਨੂੰ ਮੁੜ ਚਾਲੂ ਕਰਕੇ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ ਪਰ ਕਈ ਪਿੰਡਾਂ 'ਚ ਪਾਣੀ ਭਰਿਆ ਹੋਣ ਕਰਕੇ ਉਨ੍ਹਾਂ ਪਿੰਡਾਂ ਦੀ ਬਿਜਲੀ ਅਜੇ ਬੰਦ ਹੈ |ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਅੰਮਿ੍ਤਸਰ ਦੇ ਰਮਦਾਸ ਸਬ ਸਟੇਸ਼ਨ ਨੂੰ ਕੱਲ ਤੱਕ ਮੁੜ ਚਾਲੂ ਕਰ ਦਿੱਤਾ ਜਾਵੇਗਾ ਜਿਥੇ ਪਾਵਰਕਾਮ ਦੀਆਂ ਟੀਮਾਂ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ ਜਦਕਿ ਗੱਗੋਮਾਹਲ ਬਿਜਲੀ ਘਰ 'ਚ ਅਜੇ ਪਾਣੀ ਬਹੁਤ ਜਿਆਦਾ ਹੈ, ਜਿਸ ਨੂੰ ਸ਼ੁਰੂ ਕਰਨ ਲਈ ਸਮਾਂ ਲੱਗ ਸਕਦਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪਾਣੀ ਆਉਣ ਕਰਕੇ ਅਜਨਾਲਾ ਬਿਜਲੀ ਘਰ ਨਾਲ ਸੰਬੰਧਿਤ ਕਈ ਪਿੰਡਾਂ ਦੀ ਬਿਜਲੀ ਸਪਲਾਈ ਫਿਲਹਾਲ ਬੰਦ ਕੀਤੀ ਗਈ | ਇੰਜ: ਬਾਂਗੜ ਨੇ ਦੱਸਿਆ ਕਿ ਅੱਜ ਮੋਹਲੇਕੇ ਬਿਜਲੀ ਘਰ ਤੱਕ ਵੀ ਪਾਣੀ ਪਹੁੰਚ ਗਿਆ ਸੀ ਪਰ ਮੁਲਾਜਮਾਂ ਨੇ ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਇਸ ਨੂੰ ਬਚਾ ਲਿਆ | ਇੰਜ: ਬਾਂਗੜ ਨੇ ਦੱਸਿਆ ਕਿ ਬਾਰਡਰ ਜ਼ੋਨ ਦੇ ਕੁੱਲ 80 ਤੋਂ ਵਧੇਰੇ ਪਿੰਡਾਂ 'ਚ ਅਜੇ ਬਿਜਲੀ ਸਪਲਾਈ ਬੰਦ ਹੈ, ਜਿਸ ਨੂੰ ਹਾਲਾਤ ਆਮ ਹੋਣ ਤੱਕ ਸ਼ੁੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਫਿਲਹਾਲ ਉਨ੍ਹਾਂ ਦੀ ਪ੍ਰਾਥਮਿਕਤਾ ਘਰੇਲੂ ਬਿਜਲੀ ਸਪਲਾਈ ਨੂੰ ਬਹਾਲ ਕਰਨਾ ਹੈ |