ਅੰਮਿ੍ਤਸਰ, 2 ਸਤੰਬਰ (ਰੇਸ਼ਮ ਸਿੰਘ)-ਸਿਹਤ ਮੰਤਰੀ ਡਾ: ਬਲਬੀਰ ਸਿੰਘ ਵਲੋਂ ਅੱਜ ਇਥੇ ਸਰਕਾਰੀ ਮੈਡੀਕਲ ਕਾਲਜ ਤੋਂ ਅਜਨਾਲਾ, ਰਾਮਦਾਸ ਦੇ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਮਦਦ ਲਈ 23 ਐਂਬੂਲੈਂਸ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਸਿਹਤ ਮੰਤਰੀ ਡਾ: ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਹਨ ਅਤੇ ਹੰਗਾਮੀ ਹਾਲਤ ਨੂੰ ਦੇਖਦਿਆਂ ਲੋਕਾਂ ਦੀ ਸਿਹਤ ਦੀ ਸੁਚੱਜੀ ਸੰਭਾਲ ਲਈ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਇਹ ਐਂਬੂਲੈਸਾਂ ਭੇਜੀਆਂ ਗਈਆਂ ਹਨ | ਸਿਹਤ ਵਿਭਾਗ ਵਲੋਂ ਸਬ ਡਵੀਜ਼ਨਲ ਹਸਪਤਾਲ ਅਜਨਾਲਾ ਵਿਖੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਮੌਜੂਦ ਸਨ | ਜਿਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ਦੀ ਹਾਲਤ ਅਤੇ ਲੋੜੀਂਦੀ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ | ਇਸ ਉਪਰੰਤ ਸਿਹਤ ਮੰਤਰੀ ਵਲੋਂ ਪਿੰਡ ਬੇਦੀ ਛੰਨਾ ਵਿਖੇ ਪਹੁੰਚ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਕੇ ਮੈਡੀਕਲ ਕੈਂਪ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ ਰਾਹਤ ਸਮੱਗਰੀ ਵੀ ਵੰਡੀ | ਉਨ੍ਹਾਂ ਦੱਸਿਆ ਕਿ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਡੇਂਗੂ, ਚਿਕਨਗੁਨੀਆ, ਚਮੜੀ ਦੇ ਰੋਗਾਂ ਦੀ ਰੋਕਥਾਮ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਓ.ਆਰ. ਐਸ. ਤੇ ਕਲੋਰੀਨ ਦੀਆਂ ਗੋਲੀਆਂ ਲਗਾਤਾਰ ਵੰਡੀਆਂ ਜਾ ਰਹੀਆਂ ਹਨ | ਇਸ ਮੌਕੇ ਸਿਵਲ ਸਰਜਨ ਡਾ. ਸਵਰਨਜੀਤ ਸਿੰਘ ਧਵਨ, ਪਿ੍ੰਸੀਪਲ ਮੈਡੀਕਲ ਕਾਲਜ ਡਾ. ਰਾਜੀਵ ਦੇਵਗਨ, ਐੱਮ.ਐੱਸ. ਡਾ: ਕਰਮਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ: ਰਜਿੰਦਰਪਾਲ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮੀਤ ਕੌਰ, ਜ਼ਿਲ੍ਹਾ ਟੀਕਾਕਰਨ ਅਫਸਰ ਡਾ: ਭਾਰਤੀ ਧਵਨ ਤੋਂ ਇਲਾਵਾ ਹੋਰ ਡਾਕਟਰ ਵੀ ਹਾਜ਼ਰ ਸਨ |